DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਰਿੰਡਾ ’ਚ ਜਾਨ ਬਚਾਉਣ ਲਈ ਛੱਤਾਂ ’ਤੇ ਚੜ੍ਹੇ ਲੋਕ

ਸੰਜੀਵ ਤੇਜਪਾਲ ਮੋਰਿੰਡਾ, 9 ਜੁਲਾਈ ਮੋਰਿੰਡਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਭਾਰੀ ਬਰਸਾਤ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਇੱਥੋਂ ਦਾ ਅੰਡਰਬ੍ਰਿਜ ਪੂਰੀ ਤਰ੍ਹਾਂ ਪਾਣੀ ਨਾਲ ਭਰਨ ਨਾਲ ਸਥਾਨਕ ਸੰਤ ਨਗਰ ਵਿੱਚ ਲੋਕਾਂ ਦੇ...
  • fb
  • twitter
  • whatsapp
  • whatsapp
featured-img featured-img
ਸੰਤ ਨਗਰ ਵਿੱਚ ਆਪਣੇ ਘਰਾਂ ਦੀਆਂ ਛੱਤਾਂ ’ਤੇ ਖੜ੍ਹੀਆਂ ਔਰਤਾਂ।
Advertisement

ਸੰਜੀਵ ਤੇਜਪਾਲ

ਮੋਰਿੰਡਾ, 9 ਜੁਲਾਈ

Advertisement

ਮੋਰਿੰਡਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਭਾਰੀ ਬਰਸਾਤ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਇੱਥੋਂ ਦਾ ਅੰਡਰਬ੍ਰਿਜ ਪੂਰੀ ਤਰ੍ਹਾਂ ਪਾਣੀ ਨਾਲ ਭਰਨ ਨਾਲ ਸਥਾਨਕ ਸੰਤ ਨਗਰ ਵਿੱਚ ਲੋਕਾਂ ਦੇ ਘਰਾਂ ਅੰਦਰ 5-6 ਫੁੱਟ ਤੱਕ ਪਾਣੀ ਦਾਖ਼ਲ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਮਕਾਨਾਂ ਦੀਆਂ ਛੱਤਾਂ ’ਤੇ ਚੜ੍ਹਨਾ ਪਿਆ। ਮੀਂਹ ਦੇ ਪਾਣੀ ਕਾਰਨ ਅੰਡਰਬ੍ਰਿਜ ਵਿੱਚ ਫਸੀਆਂ ਦੋ ਗੱਡੀਆਂ ਵੀ ਪਾਣੀ ਵਿੱਚ ਹੀ ਰਹਿ ਗਈਆਂ ਹਨ। ਮੀਂਹ ਕਾਰਨ ਪੂਰੇ ਇਲਾਕੇ ਵਿੱਚ ਹੜ੍ਹਾਂ ਵਾਲੀ ਸਥਿਤੀ ਹੈ।

ਭਾਰੀ ਬਰਸਾਤ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਜਮ੍ਹਾਂ ਹੋਇਆ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਦਾਖਲ ਹੋ ਗਿਆ ਹੈ। ਖਾਲਸਾ ਕਾਲਜ ਰੋਡ ਜੋ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਹੋ ਕੇ ਪੁਰਾਣੀ ਬੱਸੀ ਨੂੰ ਮਿਲਦੀ ਹੈ, ਉਸ ’ਤੇ ਵੀ 3 ਤੋਂ 4 ਫੁੱਟ ਬਰਸਾਤੀ ਪਾਣੀ ਚੱਲ ਰਿਹਾ ਸੀ ਜਦਕਿ ਪੁਰਾਣੀ ਰੇਲਵੇ ਰੋਡ ਅਤੇ ਬਸੀ ਰੋਡ ਜੋ ਮਹਾਰਾਣਾ ਪ੍ਰਤਾਪ ਚੌਕ ਤੱਕ ਜਾਂਦੀਆਂ ਹਨ, ਉਹ ਵੀ ਬਰਸਾਤੀ ਪਾਣੀ ਨਾਲ ਭਰੀਆਂ ਪਈਆਂ ਸਨ।

ਇਹੋ ਹਾਲ ਵਾਰਡ ਨੰਬਰ 7 ਅਤੇ ਮੋਰਿੰਡਾ-ਚੁੰਨੀ ਰੋਡ ’ਤੇ ਬਣੇ ਅੰਡਰਬ੍ਰਿਜ ’ਚ ਦੇਖਣ ਨੂੰ ਮਿਲਿਆ। ਜਿੱਥੇ ਇਸ ਸੜਕ ਦੇ ਉੱਪਰ ਲਗਭਗ 2 ਫੁੱਟ ਤੋਂ ਵੱਧ ਪਾਣੀ ਚੱਲ ਰਿਹਾ ਸੀ ਉੱਥੇ ਹੀ ਅੰਡਰਬ੍ਰਿਜ ਵਿੱਚ ਵੀ ਵੱਡੀ ਮਾਤਰਾ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੋਰਿੰਡਾ-ਚੰਡੀਗੜ੍ਹ ਸੜਕ ’ਤੇ ਸਥਿਤ ਸਥਿਤ ਧੀਮਾਨ ਪੈਲੇਸ ਕੋਲ ਕੁਰਾਲੀ ਤਰਫੋਂ ਵੱਡੀ ਮਾਤਰਾ ਵਿੱਚ ਬਰਸਾਤੀ ਪਾਣੀ ਆ ਗਿਆ। ਇਸ ਪਾਣੀ ਵਿੱਚ ਫਸੀਆਂ ਕਈ ਗੱਡੀਆਂ ਨੂੰ ਟਰੈਕਟਰਾਂ ਦੀ ਮਦਦ ਨਾਲ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ। ਬੱਸ ਅੱਡੇ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਅੱਡੇ ਵਿੱਚ ਬੱਸਾਂ ਨਾ ਜਾਣ ਕਰਕੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਇਸ ਮੌਕੇ ਥ੍ਰੀ-ਵੀਲਰ ਚਾਲਕਾਂ ਦੀ ਚੰਗੀ ਚਾਂਦੀ ਬਣੀ ਰਹੀ।

ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਾਹਰ ਕੱਢਣ ਦਾ ਯਤਨ: ਅਧਿਕਾਰੀ

ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਜਨੀਸ਼ ਸੂਦ ਨੇ ਦੱਸਿਆ ਕਿ ਸੰਤ ਨਗਰ ਦੇ ਲੋਕਾਂ ਨੂੰ ਬਾਹਰ ਕੱਢਣ ਲਈ ਰੋਪੜ ਤੋਂ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਪਾਣੀ ਦੀ ਨਿਕਾਸੀ ਦਾ ਜਲਦੀ ਹੱਲ ਕੀਤਾ ਜਾਵੇਗਾ।

Advertisement
×