DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਾਜ਼ਿਲਕਾ ਜ਼ਿਲ੍ਹੇ ’ਚ ਸੈਂਕੜੇ ਏਕੜ ਫ਼ਸਲ ਡੁੱਬਣ ਕਾਰਨ ਲੋਕਾਂ ਦੇ ਸਾਹ ਸੂਤੇ

ਸਤਲੁਜ ਦਰਿਆ ’ਚ ਪਾਣੀ ਪੱਧਰ ਵਧਿਆ; ਹੜ੍ਹ ਦੀ ਮਾਰ ਹੇਠ ਆਏ ਦਰਜਨਾਂ ਪਿੰਡ; ਤਿੰਨ ਪਾਸਿਆਂ ਤੋਂ ਪਾਕਿਸਤਾਨ ਤੇ ਇੱਕ ਪਾਸਿਓਂ ਸਤਲੁਜ ਦਰਿਆ ਤੋਂ ਘਿਰਿਆ ਪਿੰਡ ਮੁਹਾਰ ਜਮਸ਼ੇਰ ਪੂਰੀ ਤਰ੍ਹਾਂ ਪਾਣੀ ਦੀ ਲਪੇਟ ’ਚ
  • fb
  • twitter
  • whatsapp
  • whatsapp
featured-img featured-img
ਫਾਜ਼ਿਲਕਾ ਦੇ ਇੱਕ ਸਰਹੱਦੀ ਪਿੰਡ ਵਿੱਚ ਪਾਣੀ ਭਰਨ ਕਾਰਨ ਟਰੈਕਟਰ-ਟਰਾਲੀ ’ਚ ਸਵਾਰ ਹੋ ਕੇ ਸੁਰੱਖਿਅਤ ਥਾਂ ਵੱਲ ਜਾਂਦੇ ਹੋਏ ਲੋਕ।
Advertisement
ਹਰ ਸਾਲ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਆਉਂਦੇ ਹੜ੍ਹਾਂ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਸਰਹੱਦੀ ਖੇਤਰ ਦੇ ਲੋਕਾਂ ਨੂੰ ਕਦੇ ਹੜ੍ਹ ਦਾ ਪਾਣੀ ਅਤੇ ਕਦੇ ਜੰਗ ਦਾ ਮਾਹੌਲ ਘਰੋਂ ਬੇਘਰ ਕਰ ਦਿੰਦਾ ਹੈ। ਕਈ ਸਰਕਾਰਾਂ ਬਦਲੀਆਂ ਪਰ ਇੱਥੋਂ ਦੇ ਲੋਕਾਂ ਦੇ ਨਸੀਬ ਨਹੀਂ ਬਦਲੇ।

ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਨਾ ਹੋਣ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਆਰਥਿਕ ਪੱਖੋਂ ਝੰਬੇ ਜਾ ਚੁੱਕੇ ਹਨ। ਹੁਣ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਨੂੰ ਨਵੀਂ ਮੁਸੀਬਤ ਨੇ ਘੇਰ ਲਿਆ ਹੈ। ਸਰਹੱਦੀ ਖੇਤਰ ਦੇ ਕਰੀਬ ਅੱਧੀ ਦਰਜਨ ਪਿੰਡ ਹੜ੍ਹ ਦੇ ਪਾਣੀ ਦੀ ਮਾਰ ਹੇਠ ਹਨ।ਸੈਂਕੜੇ ਏਕੜ ਫਸਲ ਡੁੱਬਣ ਕਾਰਨ ਲੋਕਾਂ ਦੇ ਸਾਹ ਸੂਤੇ ਗਏ ਹਨ।

Advertisement

ਤਿੰਨ ਪਾਸਿਆਂ ਤੋਂ ਪਾਕਿਸਤਾਨ ਅਤੇ ਇੱਕ ਪਾਸਿਓ ਸਤਲੁਜ ਦਰਿਆ ਤੋਂ ਘਿਰਿਆ ਪਿੰਡ ਮੁਹਾਰ ਜਮਸ਼ੇਰ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ’ਚ ਆ ਗਿਆ ਹੈ। ਪਿੰਡ ਦੇ ਵਸਨੀਕ ਸੁੱਖਾ ਸਿੰਘ ਨੇ ਦੱਸਿਆ ਕਿ ਪੂਰੇ ਪਿੰਡ ’ਚ ਪਾਣੀ ਦਾਖਲ ਹੋ ਚੁੱਕਿਆ ਹੈ। ਲੋਕ ਆਪਣਾ ਸਮਾਨ ਮਕਾਨਾਂ ਦੀਆਂ ਛੱਤਾਂ ’ਤੇ ਰੱਖਣ ਲਈ ਮਜਬੂਰ ਹਨ।

ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਪਿੰਡ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਹ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ। ਸਰਹੱਦ ’ਤੇ ਵੱਸੇ ਪਿੰਡ ਤੇਜਾ ਰਹਿਲਾ ਦੇ ਵਾਸੀ ਬਲਵੀਰ ਸਿੰਘ ਨੇ ਦੱਸਿਆ ਕਿ ਅੱਧੀ ਦਰਜਨ ਦੇ ਕਰੀਬ ਪਿੰਡਾਂ ਨੂੰ ਹੜ੍ਹ ਦੇ ਪਾਣੀ ਨੇ ਘੇਰ ਲਿਆ ਹੈ। ਉਨ੍ਹਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਰਹੀ ਹੈ।

ਫਾਜ਼ਿਲਕਾ ਨੇੜੇ ਹੜ੍ਹ ਕਾਰਨ ਪਾਣੀ ’ਚ ਡੁੱਬੀ ਫ਼ਸਲ।

ਸਰਹੱਦੀ ਪਿੰਡ ਦੋਨਾ ਨਾਨਕਾ ਦੀ ਸੁਨੀਤਾ ਰਾਣੀ ਨੇ ਦੱਸਿਆ ਕਿ ਉਹ 2023 ਵਿੱਚ ਹੜ੍ਹ ਦੇ ਪਾਣੀ ਕਾਰਨ ਘਰੋਂ ਬੇਘਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਬਣਾਏ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ ਸੀ। ਉਨ੍ਹਾਂ ਦੀ ਫ਼ਸਲ ਤਬਾਹ ਹੋ ਗਈ ਅਤੇ ਮਕਾਨ ਵੀ ਡਿੱਗ ਗਏ ਪਰ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ।

ਢਾਣੀ ਸੱਦਾ ਸਿੰਘ ਦੇ ਵਸਨੀਕ ਚੰਨ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਨੂੰ ਜਾਣ ਵਾਲੀ ਸੜਕ ਪਾਣੀ ਆਉਣ ਕਰਕੇ ਮੁਕੰਮਲ ਤੌਰ ’ਤੇ ਬੰਦ ਹੋ ਚੁੱਕੀ ਹੈ ਤੇ ਪਿੰਡ ਦਾ ਬਾਕੀ ਖਿੱਤੇ ਨਾਲੋਂ ਸੰਪਰਕ ਟੁੱਟ ਚੁੱਕਿਆ ਹੈ ਅਤੇ 100 ਏਕੜ ਦੀ ਫ਼ਸਲ ਤਬਾਹ ਹੋਣ ਦਾ ਖਤਰਾ ਬਣਿਆ ਹੋਇਆ ਹੈ।

ਪਿੰਡ ਰੇਤੇ ਵਾਲੀ ਭੈਣੀ ਦੇ ਵਸਨੀਕ ਸੁਰਜੀਤ ਸਿੰਘ ਨੇ ਦੱਸਿਆ ਕਿ ਐਤਕੀਂ ਫਿਰ ਉਨ੍ਹਾਂ ਨੂੰ ਘਰੋਂ ਬੇਘਰ ਹੋਣ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਾਏ ਜਾਂਦੇ ਰਾਹਤ ਕੈਂਪਾਂ ਅਤੇ ਹੜ੍ਹ ਦੀ ਰੋਕਥਾਮ ਲਈ ਆਉਂਦੇ ਫੰਡਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਹਿੰਦ ਪਾਕਿਸਤਾਨ ਸਰਹੱਦ ’ਤੇ ਵਸੇ ਪਿੰਡ ਝੰਗੜਭੈਣੀ ਦੇ ਵਸਨੀਕ ਅਤੇ ਸੀਪੀਆਈ ਦੇ ਬਲਾਕ ਸਮਿਤੀ ਮੈਂਬਰ ਕਾਮਰੇਡ ਸ਼ਬੇਗ ਝੰਗੜਭੈਣੀ ਨੇ ਕਿਹਾ ਕਿ ਰਾਜਸੀ ਆਗੂ ਚਾਹੁੰਦੇ ਹਨ ਕਿ ਲੋਕ ਇਸ ਤਰ੍ਹਾਂ ਦੀਆਂ ਮੁਸੀਬਤਾਂ ਵਿੱਚ ਫਸੇ ਰਹਿਣ ਅਤੇ ਉਹ ਆ ਕੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਫੋਟੋਆਂ ਖਿਚਵਾਉਂਦੇ ਰਹਿਣ।

ਜ਼ਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਹੜ੍ਹ ਦੀ ਸਥਿਤੀ ਬਾਰੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪਿੱਛੋਂ ਆਏ ਮੀਂਹ ਦੇ ਪਾਣੀ ਕਾਰਨ ਸਤਲੁਜ ਦਰਿਆ ਵਿੱਚ ਪੱਧਰ ਵਧਣ ਕਾਰਨ ਪਾਣੀ ਖੇਤਾਂ ਵਿੱਚ ਵੜ ਚੁੱਕਿਆ ਹੈ ਪਰ ਆਬਾਦੀ ਨੂੰ ਅਜੇ ਤੱਕ ਕੋਈ ਖਤਰਾ ਨਹੀਂ ਹੈ ਕਿਉਂਕਿ ਪਿਛਲੇ ਕਰੀਬ 12 ਘੰਟਿਆਂ ਤੋਂ ਪਾਣੀ ਅਜੇ ਤੱਕ ਨਹੀਂ ਵਧਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।

Advertisement
×