ਪੰਚਾਇਤੀ ਰਾਜ ਦੇ ਪੈਨਸ਼ਨਰਾਂ ਦੀ ਪੈਨਸ਼ਨ ਜਾਰੀ
ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਪੈਨਸ਼ਨਰਾਂ ਦੀ ਪੰਚਾਇਤ ਮੰਤਰੀ ਦੇ ਦਖ਼ਲ ਅਤੇ ਵਿੱਤ ਮੰਤਰੀ ਦੇ ਨਿਰਦੇਸ਼ਾਂ ਮਗਰੋਂ ਅਗਸਤ ਮਹੀਨੇ ਦੀ ਪੈਨਸ਼ਨ ਅੱਜ ਜਾਰੀ ਹੋ ਗਈ ਹੈ। ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ, ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ, ਸੰਯੁਕਤ ਸਕੱਤਰ ਜਾਗੀਰ ਸਿੰਘ ਢਿੱਲੋਂ, ਦਿਆਲ ਸਿੰਘ, ਹੁਕਮ ਚੰਦ ਖੰਨਾ, ਦਰਸ਼ਨ ਸਿੰਘ, ਹਰਜੀਤ ਸਿੰਘ, ਰਾਮ ਚਰਨ, ਇੰਦਰਜੀਤ ਸਿੰਘ, ਗਿਆਨ ਸਿੰਘ, ਯਸ਼ਪਾਲ ਸਿੰਘ ਆਦਿ ਦੀ ਅਗਵਾਈ ਹੇਠ ਵਫ਼ਦ ਪੰਚਾਇਤ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਡਾਇਰੈਕਟਰ ਨੂੰ ਮਿਲਿਆ ਸੀ। ਇਸ ਮਗਰੋਂ ਉਨ੍ਹਾਂ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕੀਤੀ। ਪੰਚਾਇਤ ਮੰਤਰੀ ਨੇ ਵਫ਼ਦ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮਿਲਾਇਆ। ਵਿੱਤ ਮੰਤਰੀ ਸ੍ਰੀ ਚੀਮਾ ਨੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਪੈਨਸ਼ਨ ਪਾਏ ਜਾਣ ਦੇ ਆਦੇਸ਼ ਦਿੱਤੇ। ਪੰਚਾਇਤ ਸਮਿਤੀਆਂ ਦੇ ਮੁਲਾਜ਼ਮਾਂ ਨੂੰ ਵੀ ਹਾਲੇ ਤੱਕ ਅਗਸਤ ਮਹੀਨੇ ਦੀ ਤਨਖ਼ਾਹ ਜਾਰੀ ਨਹੀਂ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਦੇਰੀ ਤਨਖ਼ਾਹ ਜਾਰੀ ਕੀਤੀ ਜਾਵੇ।