ਪੰਜਾਬ ਲੋਕ ਸੇਵਾ ਕਮਿਸ਼ਨ (ਪੀ ਪੀ ਐੱਸ ਸੀ) ਵੱਲੋਂ ਬੀਤੇ ਦਿਨ ਲਈ ਪੀ ਸੀ ਐੱਸ ਪ੍ਰੀਖਿਆ ਵਿਵਾਦਾਂ ਵਿਚ ਘਿਰ ਗਈ ਹੈ। ਇਸ ਵਿੱਚ ਕੁਆਲੀਫਾਈ ਪੇਪਰ 40 ਅੰਕਾਂ ਦਾ ਲਿਆ ਗਿਆ, ਜਿਸ ਵਿਚ ਪੰਜਾਬੀ ਦੀ ਥਾਂ ਗਣਿਤ ਤੇ ਅੰਗਰੇਜ਼ੀ ਵਿਸ਼ੇ ਕਥਿਤ ਤੌਰ ’ਤੇ ਭਾਰੂ ਰਹੇ। ਹੁਣ ਪੇਂਡੂ ਪ੍ਰੀਖਿਆਰਥੀਆਂ ਨੂੰ ਗਰੇਸ ਨੰਬਰ ਦੇਣ ਦੀ ਮੰਗ ਹੋਣ ਲੱਗੀ ਹੈ। ਕਮਿਸ਼ਨ ਨੇ ਪੀ ਸੀ ਐੱਸ ਦੀ ਮੁੱਢਲੀ ਪ੍ਰੀਖਿਆ 7 ਦਸੰਬਰ ਨੂੰ ਲਈ ਸੀ। ਪਹਿਲੇ ਪੇਪਰ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ, ਮਹਾਰਾਜਾ ਰਣਜੀਤ ਸਿੰਘ, ਗੁਰੂ ਸਾਹਿਬਾਨ, ਵਿਸ਼ਵ ਇਤਿਹਾਸ ਅਤੇ ਬਹੁਤ ਸਾਰੇ ਹੋਰ ਖੇਤਰਾਂ ਨੂੰ ਕਥਿਤ ਤੌਰ ’ਤੇ ਬਾਹਰ ਰੱਖਿਆ ਗਿਆ। ਦੂਸਰਾ ਪੇਪਰ, ਜੋ ਕੁਆਲੀਫਾਈਂਗ ਇਸ ਕਰਕੇ ਕੀਤਾ ਗਿਆ ਸੀ ਤਾਂ ਜੋ ਇਸ ਦਾ ਲਾਭ ਗ਼ੈਰ-ਗਣਿਤ ਪਿਛੋਕੜ ਵਾਲੇ ਪੇਂਡੂ ਬੱਚਿਆਂ ਨੂੰ ਮਿਲ ਸਕੇ। ਪੇਪਰ ਵਿੱਚੋਂ ਪੰਜਾਬੀ, ਜਿਹੜੀ ਪਹਿਲਾਂ 15 ਨੰਬਰ ਦੀ ਸੀ, ਨੂੰ ਕਾਫ਼ੀ ਹੱਦ ਤੱਕ ਮਨਫ਼ੀ ਕੀਤਾ ਗਿਆ। ਇਸ ਫ਼ਾਇਦਾ ਗਣਿਤ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਹੋਇਆ। ਪੇਂਡੂ ਵਿਦਿਆਰਥੀ ਪੇਪਰ ਨੂੰ ਕੁਆਲੀਫਾਈ ਨਹੀਂ ਕਰ ਸਕੇ। ਆਈ ਏ ਐੱਸ ਸਟੱਡੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 12-13 ਸਾਲਾਂ ਤੋਂ ਪੜ੍ਹਾ ਰਹੇ ਡਾ. ਸੁਖਚੈਨ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਤੋਂ ਦੂਜਾ ਪੇਪਰ, ਜਿਸ ਵਿੱਚ 40 ਫ਼ੀਸਦ ਨੰਬਰਾਂ ਦੀ ਸ਼ਰਤ ਰੱਖੀ ਗਈ ਹੈ, ਕੁਆਲੀਫਾਈ ਨਹੀਂ ਹੋ ਰਿਹਾ। ਉਨ੍ਹਾਂ ਮੰਗ ਕੀਤੀ ਕਿ ਯੂ ਪੀ ਐੱਸ ਸੀ ਪੈਟਰਨ ’ਤੇ ਇਸ ਪੇਪਰ ਵਿੱਚੋਂ ਕੁਆਲੀਫਾਈ ਕਰਨ ਸਬੰਧੀ ਛੋਟ ਦਿੱਤੀ ਜਾਵੇ।
‘ਪੇਪਰ ਵਿੱਚ ਪੰਜਾਬੀ ਨੂੰ ਢੁਕਵੀਂ ਥਾਂ ਦਿੱਤੀ’
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਕੱਤਰ ਚਰਨਜੀਤ ਸਿੰਘ ਨੇ ਕਿਹਾ ਕਿ ਪੀ ਸੀ ਐੱਸ ਪ੍ਰੀਖਿਆ ਲਈ ਪੇਪਰ ਪਹਿਲਾਂ ਵਾਲੇ ਪੈਟਰਨ ਅਨੁਸਾਰ ਹੀ ਸੈੱਟ ਕੀਤਾ ਗਿਆ ਹੈ। ਇਸ ਵਿਚ ਪੰਜਾਬੀ, ਅੰਗਰੇਜ਼ੀ ਤੇ ਗਣਿਤ ਵਿਸ਼ਿਆਂ ਨੂੰ ਬਣਦੀ ਥਾਂ ਦਿੱਤੀ ਗਈ ਹੈ। ਇਸ ਨਾਲ ਪੇਂਡੂ ਖੇਤਰ ਦੇ ਉਮੀਦਵਾਰਾਂ ਨੂੰ ਲਾਭ ਮਿਲੇਗਾ।

