ਆਪਣੀ ਵੈੱਬਸਾਈਟ ਪੰਜਾਬੀ ’ਚ ਬਣਾਵੇ ਪੀ ਏ ਯੂ: ਜ਼ਫ਼ਰ
ਭਾਸ਼ਾ ਵਿਭਾਗ ਦੇ ਨਿਰਦੇਸ਼ਕ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਪੰਜਾਬੀ ’ਚ ਦੇਣ ਦੀ ਹਦਾਇਤ
ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਖੇਤੀ ਸਬੰਧੀ ਖੋਜਾਂ ਲਈ ਹੈ, ਇਸ ਕਾਰਨ ਪੀ ਏ ਯੂ ਨੂੰ ਕਿਸਾਨੀ ਨਾਲ ਸਬੰਧਤ ਆਪਣੇ ਸਾਰੇ ਕੰਮ ਪੰਜਾਬੀ ਵਿੱਚ ਕਰਨੇ ਚਾਹੀਦੇ ਹਨ। ਪੰਜਾਬ ਦੇ ਕਿਸਾਨ ਠੇਠ ਪੰਜਾਬੀ ਬੋਲਦੇ ਵੀ ਹਨ ਤੇ ਪੰਜਾਬੀ ਸਮਝਦੇ ਵੀ ਹਨ। ਭਾਸ਼ਾ ਵਿਭਾਗ ਦੇ ਨਿਰਦੇਸ਼ਕ ਨੇ ਇਹ ਹਦਾਇਤ ਪੀ ਏ ਯੂ ਦੀ ਵੈੱਬਸਾਈਟ ਅੰਗਰੇਜ਼ੀ ਵਿੱਚ ਹੋਣ ’ਤੇ ਇਤਰਾਜ਼ ਕਰਦਿਆਂ ਕੀਤੀ ਹੈ। ਸ੍ਰੀ ਜ਼ਫ਼ਰ ਨੇ ਕਿਹਾ ਕਿ ਪੀ ਏ ਯੂ ਦਾ ਸਿੱਧਾ ਸਬੰਧ ਕਿਸਾਨਾਂ ਨਾਲ ਹੈ। ਪੰਜਾਬ ਦੇ ਕਿਸਾਨ ਪੰਜਾਬੀ ਬੋਲਦੇ ਤੇ ਸਮਝਦੇ ਹਨ। ਇਸ ਕਾਰਨ ਖੇਤੀ ਨਾਲ ਸਬੰਧਤ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਉਣ ਲਈ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ। ਵੈੱਬਸਾਈਟ ਸੂਚਨਾ ਦਾ ਅਜਿਹਾ ਸਾਧਨ ਹੈ, ਜਿਸ ਨਾਲ ਕਿਸਾਨ ਆਪਣੀਆਂ ਫ਼ਸਲਾਂ ਸਬੰਧੀ ਜਾਣਕਾਰੀ ਹਾਸਲ ਕਰਦੇ ਹਨ ਪਰ ਜੇ ਉੱਥੇ ਸਮੱਗਰੀ ਅੰਗਰੇਜ਼ੀ ਵਿੱਚ ਹੋਵੇਗੀ ਤਾਂ ਬਹੁਤੇ ਕਿਸਾਨ ਇਸ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਣਗੇ। ਬੇਸ਼ੱਕ ਕਿਸਾਨ ਅੰਗਰੇਜ਼ੀ ਦੇ ਵੀ ਜਾਣਕਾਰ ਹਨ ਪਰ ਖੇਤੀਬਾੜੀ ਨਾਲ ਸਬੰਧਤ ਕਈ ਠੇਠ ਪੰਜਾਬੀ ਸ਼ਬਦਾਂ ਨੂੰ ਵਰਤਣਾ ਵੀ ਮਾਂ ਬੋਲੀ ਪੰਜਾਬੀ ਦੀ ਲੋੜ ਹੈ, ਨਹੀਂ ਤਾਂ ਇਹ ਸ਼ਬਦ ਲੋਪ ਹੋ ਜਾਣਗੇ।
ਵੈੱਬਸਾਈਟ ਜਲਦੀ ਪੰਜਾਬੀ ’ਚ ਹੋਵੇਗੀ: ਅਧਿਕਾਰੀ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਕਾਰੀ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਜਲਦ ਹੀ ਆਪਣੀ ਵੈੱਬਸਾਈਟ ਪੰਜਾਬੀ ਵਿੱਚ ਤਿਆਰ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਬਹੁਤ ਸਾਰਾ ਪਾਠਕ੍ਰਮ ਯੂਨੀਵਰਸਿਟੀ ਨੂੰ ਅੰਗਰੇਜ਼ੀ ਵਿੱਚ ਹੀ ਰੱਖਣਾ ਪਵੇਗਾ ਪਰ ਕਿਸਾਨਾਂ ਤੱਕ ਜੋ ਜਾਣਕਾਰੀ ਪੁੱਜਣੀ ਚਾਹੀਦੀ ਹੈ, ਉਹ ਪੰਜਾਬੀ ਵਿੱਚ ਹੀ ਭੇਜੀ ਜਾਵੇਗੀ।