ਇੱਥੋਂ ਦੇ ਪਟਵਾਰੀ ਦੀ ਲੰਘੇ ਕੱਲ੍ਹ ਘਰ ਵਿੱਚੋਂ ਪੱਖੇ ਨਾਲ ਲਟਕਦੀ ਲਾਸ਼ ਮਿਲਣ ਦਾ ਮਾਮਲਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ। ਮ੍ਰਿਤਕ ਪਟਵਾਰੀ ਦੇ ਭਰਾ ਸਤਪਾਲ ਨੇ ਖੁਲਾਸਾ ਕੀਤਾ ਹੈ ਕਿ ਪੱਖੇ ਨਾਲ ਲਟਕ ਰਹੀ ਲਾਸ਼ ਦੇ ਰੱਸੀ ਨਾਲ ਹੱਥ ਪਿੱਛੇ ਬੰਨ੍ਹੇ ਹੋਏ ਸਨ। ਇਸ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ ਉਸਨੂੰ ਪਹਿਲਾਂ ਕਤਲ ਕਰਕੇ ਫਿਰ ਲਾਸ਼ ਨੂੰ ਪੱਖੇ ਨਾਲ ਲਟਕਾਇਆ ਗਿਆ ਹੈ।
ਬੀਤੇ ਕੱਲ੍ਹ ਜਾਂਚ ਅਧਿਕਾਰੀ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਸੀ। ਅੱਜ ਮ੍ਰਿਤਕ ਦੇ ਭਰਾ ਨੇ ਫੋਨ ਉੱਤੇ ਕੀਤੀ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਦੋਂ ਉਨ੍ਹਾਂ ਦਰਵਾਜ਼ਾ ਤੋੜ ਕੇ ਰਿਹਾਇਸ਼ੀ ਕਮਰੇ ਵਿੱਚ ਗਏ ਤਾਂ ਪੱਖੇ ਨਾਲ ਲਟਕ ਰਹੇ ਮ੍ਰਿਤਕ ਦੇ ਹੱਥ ਪਿੱਛੇ ਬੰਨ੍ਹੇ ਹੋਏ ਸਨ।
ਉਸ ਨੇ ਕਿਹਾ ਕਿ ਪੁਲੀਸ ਵੱਲੋਂ ਲਿਖੇ ਗਏ ਉਨ੍ਹਾਂ ਦੇ ਬਿਆਨਾਂ ਵਿੱਚ ਜਦੋਂ ਇਹ ਗੱਲ ਲਿਖਣ ਬਾਰੇ ਜਾਂਚ ਅਧਿਕਾਰੀ ਮਨਜਿੰਦਰ ਸਿੰਘ ਨੂੰ ਕਿਹਾ ਤਾਂ ਉਨ੍ਹਾਂ ਕਥਿਤ ਤੌਰ ’ਤੇ ਇਸ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਪਰਿਵਾਰ ਨੂੰ ਕਿਹਾ ਕਿ ਇੱਕ ਵਾਰ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦੇਖਿਆ ਜਾਵੇਗਾ।
ਉਸ ਮੁਤਾਬਕ ਪਟਵਾਰੀ ਹਰੀਸ਼ ਕੁਮਾਰ ਨੇ ਉਨ੍ਹਾਂ ਨਾਲ ਕੁਝ ਦਿਨ ਪਹਿਲਾਂ ਕੋਈ ਦਰਪੇਸ਼ ਵੱਡੀ ਉਲਝਣ ਦਾ ਜ਼ਿਕਰ ਕਰਕੇ ਘਰ ਆ ਕੇ ਇਸ ਸਬੰਧੀ ਗੱਲ ਕਰਨ ਬਾਰੇ ਵੀ ਕਿਹਾ ਸੀ। ਭਰਾ ਸਤਪਾਲ ਮੁਤਾਬਕ ਪਟਵਾਰੀ ਨੇ ਉਨ੍ਹਾਂ ਨਾਲ ਕਿਸੇ ਲੜਕੀ ਬਾਰੇ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰਾ ਖੁਦਕੁਸ਼ੀ ਜਿਹਾ ਕਦਮ ਨਹੀਂ ਚੁੱਕ ਸਕਦਾ। ਇਸ ਲਈ ਇਸ ਮਾਮਲੇ ਦੀ ਜਾਂਚ ਕਰਕੇ ਪੁਲੀਸ ਨੂੰ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।
ਕੀ ਕਹਿੰਦੇ ਨੇ ਪੁਲੀਸ ਅਧਿਕਾਰੀ
ਥਾਣਾ ਧਰਮਕੋਟ ਦੇ ਮੁਖੀ ਭਲਵਿੰਦਰ ਸਿੰਘ ਨੇ ਮ੍ਰਿਤਕ ਪਟਵਾਰੀ ਦੇ ਹੱਥ ਪਿੱਛੇ ਬੰਨ੍ਹੇ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮ੍ਰਿਤਕ ਦੇ ਫੋਨ ਨੂੰ ਕਬਜ਼ੇ ਵਿੱਚ ਲੈ ਕੇ ਉਸਦੀ ਫੋਨ ਡਿਟੇਲ ਕਢਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਹਰੇਕ ਪੱਖ ਤੋਂ ਬਾਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ ਅਤੇ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।