ਹਰਦੀਪ ਸਿੰਘ
ਇੱਥੋਂ ਦੇ ਇੰਦਗੜ੍ਹ ਹਲਕੇ ਦੇ ਪਟਵਾਰੀ ਹਰੀਸ਼ ਕੁਮਾਰ ਦੀ ਭੇਤ-ਭਰੀ ਹਾਲਤ ’ਚ ਮੌਤ ਹੋ ਗਈ। ਹਰੀਸ਼ ਕੁਮਾਰ ਇੱਥੇ ਪਟਵਾਰੀ ਵਜੋਂ ਪਿਛਲੇ ਅੱਠ ਸਾਲਾਂ ਤੋਂ ਤਾਇਨਾਤ ਸੀ ਅਤੇ ਜਲੰਧਰ ਰੋਡ ’ਤੇ ਮੁਹੱਲਾ ਨਾਨਕਸਰ ਵਿਚ ਰਹਿ ਰਿਹਾ ਸੀ। ਉਹ ਮੂਲ ਰੂਪ ਵਿੱਚ ਫਾਜ਼ਿਲਕਾ ਖੇਤਰ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਉਕਤ ਪਟਵਾਰੀ ਦੇ ਘਰ ਨੂੰ ਬਾਹਰੋਂ ਲੰਘੇ ਤਿੰਨ ਦਿਨਾਂ ਤੋਂ ਤਾਲਾ ਲੱਗਿਆ ਹੋਇਆ ਸੀ।
ਉਨ੍ਹਾਂ ਦੇ ਘਰ ਦੀਆਂ ਦੋ ਘਰੇਲੂ ਨੌਕਰਾਣੀਆਂ ਲਗਾਤਾਰ ਕੰਮ ’ਤੇ ਆ ਰਹੀਆਂ ਸਨ ਪਰ ਬਾਹਰੋਂ ਤਾਲਾ ਲੱਗਿਆ ਹੋਣ ਕਾਰਨ ਮੁੜ ਜਾਂਦੀਆਂ ਸਨ। ਹਰੀਸ਼ ਦਾ ਲੰਘੇ ਸ਼ੁੱਕਰਵਾਰ ਤੋਂ ਪਰਿਵਾਰ ਨਾਲ ਰਾਬਤਾ ਨਹੀਂ ਹੋਇਆ ਜਿਸ ਤੋਂ ਬਾਅਦ ਬੀਤੀ ਦੇਰ ਸ਼ਾਮ ਉਸ ਦੇ ਭਰਾ ਸਤਪਾਲ ਅਤੇ ਮਾਤਾ ਨੇ ਪੁਲੀਸ ਦੀ ਸਹਾਇਤਾ ਨਾਲ ਜਦੋਂ ਤਾਲਾ ਤੋੜਿਆ ਤਾਂ ਘਰ ਦੇ ਅੰਦਰ ਕਮਰੇ ਵਿੱਚ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਹੈ ਜਿੱਥੇ ਡਾਕਟਰਾਂ ਦੇ ਬੋਰਡ ਵਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਜਾਂਚ ਅਧਿਕਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਹਰੀਸ਼ ਦੇ ਭਰਾ ਸਤਪਾਲ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਪਰਿਵਾਰ ਵਲੋਂ ਪ੍ਰਗਟਾਏ ਖਦਸ਼ੇ ਦੇ ਮੱਦੇਨਜ਼ਰ ਡਾਕਟਰੀ ਰਿਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਆਪਣੇ ਪੱਧਰ ਉੱਤੇ ਜਾਂਚ ਆਰੰਭ ਦਿੱਤੀ ਹੈ।