ਪਟਿਆਲਾ ਜਬਰ-ਜਨਾਹ ਮਾਮਲਾ: ਸਕੂਲ ਅਧਿਕਾਰੀਆਂ ’ਤੇ ਕੇਸ ਦੀ ਮੰਗ ਕਰਦਿਆਂ ਪਰਿਵਾਰ ਵੱਲੋਂ ਰੋਡ ਜਾਮ
ਇੱਥੋਂ ਦੇ ਇੱਕ ਸਕੂਲ ਵਿੱਚ 8 ਸਾਲਾ ਬੱਚੀ ਨਾਲ ਜਬਰ ਜਨਾਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀੜਤਾ ਅਤੇ ਹੋਰ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਐੱਸਐੱਸਟੀ ਨਗਰ ਦੇ ਬਾਹਰ ਧਰਨਾ ਲਾਉਂਦਿਆਂ...
ਇੱਥੋਂ ਦੇ ਇੱਕ ਸਕੂਲ ਵਿੱਚ 8 ਸਾਲਾ ਬੱਚੀ ਨਾਲ ਜਬਰ ਜਨਾਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀੜਤਾ ਅਤੇ ਹੋਰ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਐੱਸਐੱਸਟੀ ਨਗਰ ਦੇ ਬਾਹਰ ਧਰਨਾ ਲਾਉਂਦਿਆਂ ਸੜਕ ਜਾਮ ਕਰ ਦਿੱਤੀ।
ਇਸ ਮੌਕੇ ਸਿਵਲ ਸੁਸਾਇਟੀ ਸਮੂਹਾਂ ਅਤੇ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ (NGOs) ਦੇ ਕਾਰਕੁਨ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਸਕੂਲ ਪ੍ਰਬੰਧਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਕਾਰਨ ਸੜਕ ਜਾਮ ਰਹਿਣ ਨਾਲ ਬਦਲਵੇਂ ਰੂਟਾਂ ’ਤੇ ਭਾਰੀ ਟਰੈਫਿਕ ਜਾਮ ਲੱਗ ਗਿਆ ਅਤੇ ਆਉਣ-ਜਾਣ ਵਾਲੇ ਲੋਕ ਜਾਮ ਵਿੱਚ ਫਸ ਗਏ।
ਜ਼ਿਕਰਯੋਗ ਹੈ ਕਿ ਇਹ ਘਟਨਾ ਕਥਿਤ ਤੌਰ ’ਤੇ ਪਟਿਆਲਾ ਦੇ ਐੱਸਐੱਸਟੀ ਨਗਰ ਸਥਿਤ ਔਰੋ ਮੀਰਾ ਸਕੂਲ (Auro Mirra School) ਵਿੱਚ ਵਾਪਰੀ ਸੀ, ਜਿੱਥੇ ਪੀੜਤਾ ਦਾ ਇੱਕ ਸਰੀਰਕ ਸਿੱਖਿਆ ਅਧਿਆਪਕ ਵੱਲੋਂ ਜਬਰ-ਜਨਾਹ ਕੀਤਾ ਗਿਆ ਸੀ।
13 ਅਕਤੂਬਰ ਨੂੰ ਦਰਜ ਕੀਤੀ ਗਈ ਐਫਆਈਆਰ (FIR) ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਵੱਲੋਂ ਪੀੜਤਾ ਨਾਲ ਸਕੂਲ ਦੇ ਅੰਦਰ ਕਈ ਵਾਰ ਜ਼ਬਰ ਜਨਾਹ ਕੀਤਾ ਗਿਆ ਸੀ।
ਇਸ ਦੌਰਾਨ, ਪੀੜਤਾ ਦੀ ਡਾਕਟਰੀ ਜਾਂਚ ਵਿੱਚ ਕਈ ਵਾਰ ਜਿਨਸੀ ਸ਼ੋਸ਼ਣ ਹੋਣ ਦਾ ਖੁਲਾਸਾ ਹੋਇਆ ਹੈ।
ਕੇਸ ਦੀ ਜਾਂਚ ਕਰ ਰਹੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦਾ ਸਕੂਲ ਦੇ ਅੰਦਰ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਉਸ ਨੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ, ਜਿਸ 'ਤੇ ਨਿਗਰਾਨੀ ਰੱਖਣ ਜਾਂ ਸਿੱਧੇ ਤੌਰ 'ਤੇ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲੀਸ ਅਧਿਕਾਰੀ ਨੇ ਕਿਹਾ, “ਕਿਉਂਕਿ ਬੱਚਾ ਅਜੇ ਵੀ ਸਦਮੇ ਵਿੱਚ ਹੈ, ਅਸੀਂ ਹੋਰ ਵੇਰਵੇ ਲੈਣ ਲਈ ਸਮਾਂ ਲੈ ਰਹੇ ਹਾਂ।”
ਐੱਸਪੀ (ਸਿਟੀ) ਪਲਵਿੰਦਰ ਚੀਮਾ ਨੇ ਪੁਸ਼ਟੀ ਕੀਤੀ, “ਪੀੜਤਾ ਦੀ ਡਾਕਟਰੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਇਸ ਸਮੇਂ ਜਾਂਚ ਜਾਰੀ ਹੈ।”
ਚੀਮਾ ਨੇ ਕਿਹਾ, “ਅਸੀਂ ਸਕੂਲ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਸਕੂਲ ਦੇ ਅੰਦਰਲੇ ਸੀਸੀਟੀਵੀ (CCTV) ਫੁਟੇਜ ਵੀ ਜ਼ਬਤ ਕਰ ਲਈ ਹੈ। ਮੁੱਢਲੀ ਨਜ਼ਰ ਵਿੱਚ ਪੀੜਤਾ ਨੇ ਦੋਸ਼ੀ ਦੀ ਪਛਾਣ ਕਰ ਲਈ ਹੈ, ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਪੋਕਸੋ (POCSO) ਐਕਟ ਦੇ ਤਹਿਤ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ।”
ਪੁਲੀਸ ਵਿਭਾਗ ਦੇ ਸੂਤਰਾਂ ਅਨੁਸਾਰ ਉਹ ਹੁਣ ਇਹ ਪਤਾ ਲਗਾਉਣ ਲਈ ਸਰਕਾਰੀ ਕਾਉਂਸਲਰਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਮਦਦ ਲੈ ਰਹੇ ਹਨ ਕਿ ਕੀ ਕਿਸੇ ਹੋਰ ਵਿਦਿਆਰਥੀ ਨੂੰ ਸਕੂਲ ਦੇ ਅੰਦਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
ਔਰੋ ਮੀਰਾ ਸਕੂਲ ਦੀ ਪ੍ਰਿੰਸੀਪਲ ਚਿਨਮਯੀ ਨੇ ਕਿਹਾ ਕਿ ਜਿਵੇਂ ਹੀ ਮਾਮਲਾ ਉਨ੍ਹਾਂ ਦੇ ਨੋਟਿਸ ਵਿੱਚ ਆਇਆ, ਇੰਸਟ੍ਰਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ। ਉਸ ਨੇ ਦਾਅਵਾ ਕੀਤਾ ਕਿ ਸਕੂਲ ਅਧਿਕਾਰੀਆਂ ਨੇ ਜਾਂਚ ਏਜੰਸੀ ਦੇ ਨਾਲ-ਨਾਲ ਪੀੜਤ ਦੇ ਪਰਿਵਾਰ ਨੂੰ ਵੀ ਪੂਰਾ ਸਹਿਯੋਗ ਦਿੱਤਾ ਹੈ।