ਪਠਾਨਕੋਟ-ਜੰਮੂ ਮਾਰਗ ਬੰਦ: ਟਰੱਕਾਂ ਦੀਆਂ ਲੰਬੀਆਂ ਕਤਾਰਾਂ
ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਸੜਕਾਂ ਅਤੇ ਰਸਤਿਆਂ ਦੇ ਨੁਕਸਾਨੇ ਜਾਣ ਨਾਲ ਜੰਮੂ ਦਾ ਸੰਪਰਕ ਬਾਕੀ ਭਾਰਤ ਨਾਲੋਂ ਬਿਲਕੁਲ ਟੁੱਟ ਗਿਆ ਹੈ। ਇਸ ਕਾਰਨ ਪਠਾਨਕੋਟ ਤੇ ਜੰਮੂ ਜਾਣ ਵਾਲੀ ਆਵਾਜਾਈ ਪਠਾਨਕੋਟ ਤੋਂ ਪਿੱਛੇ ਪੈਂਦੇ ਸ਼ਹਿਰਾਂ ਵਿੱਚ ਹੀ ਰੋਕ ਦਿੱਤੀ ਗਈ ਹੈ ਤਾਂ ਜੋ ਪਠਾਨਕੋਟ ਦੇ ਨੇੜੇ ਹਾਈਵੇਅ ’ਤੇ ਟਰੈਫ਼ਿਕ ਦਾ ਜ਼ਿਆਦਾ ਲੋਡ ਨਾ ਹੋਵੇ। ਅੰਮ੍ਰਿਤਸਰ ਵੱਲੋਂ ਆਉਣ ਵਾਲੀ ਗੱਡੀਆਂ ਵੀ ਗੁਰਦਾਸਪੁਰ ਦੇ ਬਾਹਰਵਾਰ ਬੱਬਰੀ ਨਾਕੇ ’ਤੇ ਹੀ ਰੋਕੀਆਂ ਜਾ ਰਹੀਆਂ ਹਨ। ਇਸ ਕਾਰਨ ਬੱਬਰੀ ਨਾਕੇ ’ਤੇ ਕਰੀਬ ਤਿੰਨ ਕਿੱਲੋਮੀਟਰ ਲੰਬਾ ਜਾਮ ਲੱਗ ਚੁੱਕਿਆ ਹੈ। ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਰਾਤ ਤੋਂ ਹੀ ਉਹ ਭੁੱਖੇ ਭਾਣੇ ਇੱਥੇ ਖੜ੍ਹੇ ਹਨ। ਇੱਥੇ ਖਾਣ-ਪੀਣ ਲਈ ਵੀ ਕੁਝ ਨਹੀਂ ਮਿਲ ਰਿਹਾ। ਕਈ ਡਰਾਈਵਰ ਚਾਰ-ਪੰਜ ਦਿਨਾਂ ਤੋਂ ਸੜਕ ’ਤੇ ਹੀ ਹਨ ਅਤੇ ਦੂਰ ਰਾਜਾਂ ਤੋਂ ਆਏ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਕਿੰਨੇ ਦਿਨ ਉਨ੍ਹਾਂ ਨੂੰ ਇੱਥੇ ਰੋਕ ਕੇ ਰੱਖਿਆ ਜਾਵੇਗਾ। ਉੱਥੇ ਹੀ ਨਾਕੇ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਅਗਲੀਆਂ ਹਦਾਇਤਾਂ ਆਉਣ ਤੱਕ ਬੱਬਰੀ ਨਾਕੇ ’ਤੇ ਵਨ ਵੇਅ ਟਰੈਫ਼ਿਕ ਹੀ ਚਾਲੂ ਰਹੇਗਾ। ਪਠਾਨਕੋਟ ਤੋਂ ਜੰਮੂ ਵੱਲ ਕੋਈ ਗੱਡੀ ਜਾਣ ਨਹੀਂ ਦਿੱਤੀ ਜਾਵੇਗੀ।