ਪਠਾਨਕੋਟ ਗੋਲੀ ਕਾਂਡ ਦਾ ਮੁੱਖ ਸਰਗਨਾ ਬੰਗਲੂਰੂ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਐਨਪੀ ਧਵਨ
ਪਠਾਨਕੋਟ, 21 ਮਈ
ਇੱਥੇ 17 ਮਈ ਨੂੰ ਦਿਨ ਦਿਹਾੜੇ ਚਲਾਈ ਗੋਲੀ ਨਾਲ ਮਾਰੇ ਗਏ ਮਾਯੰਕ ਮਹਾਜਨ ਦੇ ਮਾਮਲੇ ਵਿੱਚ ਮਾਸਟਰ ਮਾਈਂਡ ਨੂੰ ਪੁਲੀਸ ਨੇ ਬੰਗਲੂਰੂ ਦੇ ਕੈਂਪੇਗੋੜਾ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਭਾਨੂ ਪ੍ਰਤਾਪ ਸਿੰਘ ਵਾਸੀ ਵਾਰਡ ਨੰਬਰ-7, ਪਿੰਡ ਤੜਾ ਮਹਿਤਾਬਪੁਰ, ਕਠੂਆ (ਜੰਮੂ-ਕਸ਼ਮੀਰ) ਵਜੋਂ ਹੋਈ। ਉਸ ਦਾ ਤਰਫ ਤਜਵਾਲ ਵਿੱਚ ਸਾਈਂ ਸਟੋਨ ਕਰੈਸ਼ਰ ਹੈ। ਉਹ ਬੰਗਲੂਰੂ ਤੋਂ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ। ਪੁਲੀਸ ਨੇ ਉਸ ਨੂੰ ਏਅਰ ਇੰਡੀਆ ਦੇ ਹਵਾਈ ਜਹਾਜ਼ ਵਿੱਚੋਂ ਉਤਰਦੇ ਸਾਰ ਹੀ ਗ੍ਰਿਫ਼ਤਾਰ ਕਰ ਲਿਆ। ਉਸ ਨੇ ਹੀ ਸੁਪਾਰੀ ਦੇ ਕੇ ਮਾਯੰਕ ਦੀ ਹੱਤਿਆ ਕਰਵਾਈ ਸੀ। ਹੁਣ ਇਸ ਮਾਮਲੇ ਵਿੱਚ ਫੜੇ ਗਏ ਮੁਲਜ਼ਮਾਂ ਦੀ ਗਿਣਤੀ 3 ਹੋ ਗਈ ਹੈ। ਜਦਕਿ 2 ਅਜੇ ਫ਼ਰਾਰ ਹਨ। ਫੜੇ ਗਏ ਮੁਲਜ਼ਮਾਂ ਵਿੱਚ ਸੰਜੀਵ ਸਿੰਘ ਉਰਫ ਬੰਟੀ ਉਰਫ ਫੌਜੀ ਵਾਸੀ ਦੀਨਾਨਗਰ ਸ਼ਾਮਲ ਹੈ, ਜਿਸ ਨੇ ਮਾਯੰਕ ਨੂੰ ਗੋਲੀ ਮਾਰੀ ਸੀ। ਸੰਜੀਵ ਨੂੰ ਪਨਾਹ ਦੇਣ ਵਾਲੇ ਉਸ ਦੇ ਚਾਚੇ ਦੇ ਪੁੱਤਰ ਵਰੁਣ ਠਾਕੁਰ ਵਾਸੀ ਪਿੰਡ ਭਟੋਆ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਘਟਨਾ ਮਗਰੋਂ ਭਾਨੂ ਪ੍ਰਤਾਪ ਸਿੰਘ ਬੰਗਲੂਰੂ ਚਲਾ ਗਿਆ ਸੀ। ਪੁਲੀਸ ਨੇ ਉਸ ਨੂੰ ਬੰਗਲੂਰੂ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਕੀਤੀ ਗਈ ਤਫਤੀਸ਼ ਤੋਂ ਇਹ ਪਤਾ ਲੱਗਿਆ ਕਿ ਮਾਯੰਕ ਜੰਮੂ-ਕਸ਼ਮੀਰ ਵਿੱਚ ਸਥਿਤ ਕਈ ਸਰਕਾਰੀ ਅਦਾਰਿਆਂ ਵਿੱਚ ਭਾਨੂ ਪ੍ਰਤਾਪ ਸਿੰਘ ਦੇ ਕਰੈਸ਼ਰ ਅਤੇ ਮਾਈਨਿੰਗ ਵਪਾਰ ਦਾ ਵਿਰੋਧ ਕਰਦਾ ਸੀ ਤੇ ਉਸ ਵੱਲੋਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਸਨ। ਭਾਨੂ ਨੇ ਆਪਣੇ ਕਰਿੰਦੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਰਾਹੀਂ ਸੰਜੀਵ ਸਿੰਘ ਉਰਫ ਬੰਟੀ ਉਰਫ ਫੌਜੀ ਅਤੇ ਜਤਿੰਦਰ ਕੁਮਾਰ ਉਰਫ ਲੱਟੂ ਨੂੰ ਪੈਸੇ ਦਾ ਲਾਲਚ ਦੇ ਕੇ ਮਯੰਕ ਦਾ ਕਤਲ ਕਰਨ ਲਈ ਤਿਆਰ ਕੀਤਾ ਸੀ।