ਮਾਈਨਿੰਗ ਮਾਫ਼ੀਆ ਨਾਲ ਜੁੜੇ ਪਠਾਨਕੋਟ ਗੋਲੀ ਕਾਂਡ ਦੇ ਤਾਰ
ਪਠਾਨਕੋਟ, 18 ਮਈ
ਇੱਥੋਂ ਦੇ ਚੱਕੀ ਪੁਲ ਦੇ ਫਲਾਈਓਵਰ ਉੱਪਰ ਗੋਲੀਆਂ ਮਾਰ ਕੇ ਕਤਲ ਕੀਤੇ ਮਾਯੰਕ\B \Bਮਹਾਜਨ ਦੇ ਮਾਮਲੇ ’ਚ ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਅੱਜ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਕਤਲ ਕਾਂਡ ’ਚ ਜੰਮੂ-ਕਸ਼ਮੀਰ ਦੇ ਮਾਈਨਿੰਗ ਮਾਫ਼ੀਆ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ। ਮਾਯੰਕ ਮਹਾਜਨ ਫਾਇਨਾਂਸ ਦਾ ਕੰਮ ਕਰਦਾ ਸੀ ਅਤੇ ਆਰਟੀਆਈ ਕਾਰਕੁਨ ਵੀ ਸੀ। ਉਹ ਮਾਈਨਿੰਗ ਸਬੰਧੀ ਕਾਫ਼ੀ ਆਰਟੀਆਈਜ਼ ਪਾਉਂਦਾ ਰਹਿੰਦਾ ਸੀ ਤੇ ਉਸ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਵੀ ਕੇਸ ਕੀਤਾ ਸੀ। ਇਸੇ ਤਰ੍ਹਾਂ ਆਰਟੀਆਈਜ਼ ਰਾਹੀਂ ਉਸ ਨੇ ਹਾਈ ਕੋਰਟ ਵਿੱਚ ਵੀ ਕੇਸ ਕੀਤੇ ਹੋਏ ਸਨ। ਇਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਇਹ ਕਤਲ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ ਜਿਸ ਲਈ ਸ਼ਾਰਪ ਸ਼ੂਟਰਾਂ ਦੀ ਮਦਦ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਸੰਜੀਵ ਸਿੰਘ ਉਰਫ਼ ਬੰਟੀ ਉਰਫ਼ ਫ਼ੌਜੀ ਵਾਸੀ ਪਿੰਡ ਭਟੋਆ, ਥਾਣਾ ਦੀਨਾਨਗਰ ਹੈ। ਉਹ ਭਾਰਤੀ ਫ਼ੌਜ ਦੀ 6 ਡੋਗਰਾ ਰੈਜੀਮੈਂਟ ’ਚੋਂ ਸਾਲ ਪਹਿਲਾਂ ਸੇਵਾਮੁਕਤ ਹੋ ਕੇ ਆਇਆ ਹੈ। ਉਸ ਨੇ ਆਪਣੇ ਰਿਵਾਲਵਰ ਨਾਲ ਕਾਰ ਚਲਾ ਰਹੇ ਮਾਯੰਕ ਮਹਾਜਨ ਨੂੰ ਬਹੁਤ ਨੇੜਿਓਂ ਗੋਲੀ ਮਾਰੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਬਾਅਦ ’ਚ ਉਸ ਦੀ ਮੌਤ ਹੋ ਗਈ। ਸ੍ਰੀ ਢਿੱਲੋਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਮਾਯੰਕ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਵੀ ਜੰਮੂ-ਕਸ਼ਮੀਰ ਦੇ ਕਠੂਆ ’ਚ ਰਚੀ ਗਈ ਸੀ।
ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਮਾਯੰਕ ਮਹਾਜਨ ਦੀ ਰੇਕੀ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਮੁੱਖ ਮੁਲਜ਼ਮ ਸੰਜੀਵ ਸਿੰਘ ਨਾਲ ਉਸ ਦੇ ਪਿੱਛੇ ਬੈਠਾ ਜਤਿੰਦਰ ਕੁਮਾਰ ਉਰਫ਼ ਲੱਟੂ ਵਾਸੀ ਪਿੰਡ ਬਨੀਲੋਧੀ ਹਾਲੇ ਫ਼ਰਾਰ ਹੈ। ਸੰਜੀਵ ਸਿੰਘ ਅਤੇ ਉਸ ਨੂੰ ਪਨਾਹ ਦੇਣ ਵਾਲੇ ਉਸ ਦੇ ਚਾਚੇ ਦੇ ਲੜਕੇ ਵਰੁਣ ਠਾਕੁਰ ਵਾਸੀ ਭਟੋਆ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੇ ਪਿੱਛੇ ਇੱਕ ਹੋਰ ਮੁੱਖ ਮੁਲਜ਼ਮ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਾਸੀ ਪਨਿਆੜ ਵੀ ਫ਼ਰਾਰ ਹੈ।