ਪਠਾਣਮਾਜਰਾ ਦੀ ਪਤਨੀ ਨੇ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦਾ ਦੋਸ਼ ਲਾਇਆ
ਵੀਡੀਓ ਵਿੱਚ ਦੋਸ਼ ਲਾਇਆ ਕਿ ਉਸ ਨੂੰ ਡਾਕਟਰੀ ਇਲਾਜ ਲੈਣ ਤੋਂ ਰੋਕਿਆ ਜਾ ਰਿਹਾ ਹੈ
Advertisement
ਜਬਰ ਜਨਾਹ ਕੇਸ ਵਿੱਚ ਫਰਾਰ ਚੱਲ ਰਹੇ ਵਿਧਾਇਕ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਹਾਲ ਹੀ ਵਿੱਚ ਜਾਰੀ ਕੀਤੇ ਇੱਕ ਤਿੰਨ ਮਿੰਟ ਦੇ ਵੀਡੀਓ ਵਿੱਚ ਦੋਸ਼ ਲਾਇਆ ਹੈ ਕਿ ਉਸ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਇਲਾਜ ਕਰਵਾਉਣ ਤੋਂ ਰੋਕਿਆ ਜਾ ਰਿਹਾ ਹੈ।
ਤਿੰਨ ਮਿੰਟ ਦੇ ਵੀਡੀਓ ਵਿੱਚ ਸਿਮਰਨਜੀਤ ਕੌਰ, ਜੋ ਕਥਿਤ ਤੌਰ 'ਤੇ ਬੀਮਾਰ ਹਨ, ਨੇ ਕਿਹਾ ਕਿ ਉਨ੍ਹਾਂ ਦੀ ਡਾਕਟਰੀ ਹਾਲਤ ਦੀ ਪੁਸ਼ਟੀ ਸਰਕਾਰੀ ਅਤੇ ਨਿੱਜੀ ਦੋਵਾਂ ਹਸਪਤਾਲਾਂ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, ‘‘ਮੈਨੂੰ ਆਪਣੇ ਬੱਚਿਆਂ ਅਤੇ ਮਾਂ ਦੇ ਠਿਕਾਣੇ ਬਾਰੇ ਨਹੀਂ ਪਤਾ। ਜੇ ਮੈਂ ਆਪਣੀ ਡਾਕਟਰੀ ਹਾਲਤ ਬਾਰੇ ਕੁਝ ਗਲਤ ਕਹਿ ਰਹੀ ਹਾਂ, ਤਾਂ ਸਰਕਾਰ ਕਾਰਵਾਈ ਕਰਨ ਲਈ ਆਜ਼ਾਦ ਹੈ। ਅਸੀਂ ਸੱਚ ਬੋਲਣ ਦੀ ਸਜ਼ਾ ਭੁਗਤ ਰਹੇ ਹਾਂ।’’ ਉਨ੍ਹਾਂ ਅੱਗੇ ਕਿਹਾ ਕਿ ਉਹ ਅਧਿਕਾਰੀਆਂ ਤੱਕ ਪਹੁੰਚਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕੋਈ ਵੀ ਉਨ੍ਹਾਂ ਦੇ ਫ਼ੋਨ ਦਾ ਜਵਾਬ ਨਹੀਂ ਦੇ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ।
ਇਸ ਤੋਂ ਪਹਿਲਾਂ 26 ਸਤੰਬਰ ਨੂੰ ਜਬਰ ਜਨਾਹ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਫ਼ਰਾਰ ਚੱਲ ਰਹੇ ਪਠਾਣਮਾਜਰਾ ਨੇ ਇੱਕ ਛੇ ਮਿੰਟ ਦਾ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਮਾਜ ਸੇਵੀਆਂ, ਸਾਥੀ ਵਿਧਾਇਕਾਂ ਅਤੇ ਕਿਸਾਨ ਯੂਨੀਅਨਾਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਬੀਮਾਰ ਹੈ ਅਤੇ ਇਲਾਜ ਅਧੀਨ ਹੈ, ਜਦੋਂ ਕਿ ਉਨ੍ਹਾਂ ਦੇ ਬੱਚੇ ਪੁਲੀਸ ਕਾਰਵਾਈ ਦੇ ਡਰੋਂ ਲੁਕੇ ਹੋਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀ ਪਤਨੀ, ਜਿਸ ਦੇ ਕਈ ਅਪਰੇਸ਼ਨ ਹੋ ਚੁੱਕੇ ਹਨ, ਨੂੰ ਕੁਝ ਹੁੰਦਾ ਹੈ ਤਾਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਵਿਧਾਇਕ ਨੇ ਅੱਗੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਮਾਮਲਿਆਂ ਵਿੱਚ ਦਿੱਲੀ ਦੇ ਨੇਤਾਵਾਂ ਦੇ ਦਖਲ ਦਾ ਵਿਰੋਧ ਕਰਨ ਅਤੇ ਹਾਲ ਹੀ ਦੇ ਹੜ੍ਹਾਂ ਨੂੰ ਲੈ ਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ 'ਤੇ ਸਵਾਲ ਚੁੱਕਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Advertisement
ਇਸ ਦੌਰਾਨ ਸੂਬਾ ਸਰਕਾਰ ਨੇ ਪਠਾਣਮਾਜਰਾ ਦੇ ਅਧਿਕਾਰਤ ਰਿਹਾਇਸ਼, ਹਾਊਸ ਨੰਬਰ 9-ਸੀ, ਭੁਪਿੰਦਰਾ ਨਗਰ ਨੂੰ ਵਾਪਸ ਲੈਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 2 ਸਤੰਬਰ ਨੂੰ ਦਿੱਤੇ ਗਏ ਬੇਦਖਲੀ ਨੋਟਿਸ ਵਿੱਚ ਵਿਧਾਇਕ ’ਤੇ ਸਿਆਸੀ ਉਦੇਸ਼ਾਂ ਲਈ ਇਮਾਰਤ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਸਿਮਰਨਜੀਤ ਕੌਰ ਨੇ ਇਸ ਨੋਟਿਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤਾ ਹੈ, ਜਿੱਥੇ ਮਾਮਲੇ ਸੁਣਵਾਈ ਅਧੀਨ ਹੈ।
Advertisement
Advertisement
×