ਪਠਾਣਮਾਜਰਾ ਮਾਮਲਾ: ਵਕਾਲਤਨਾਮਾ ਵਾਪਸ ਲੈ ਗਿਆ ਸ਼ਿਕਾਇਤਕਰਤਾ ਦਾ ਵਕੀਲ
ਗੁਰਨਾਮ ਸਿੰਘ ਅਕੀਦਾ
ਹਲਕਾ ਸਨੌਰ ਤੋਂ ‘ਆਪ’ ਦੇ ਬਾਗ਼ੀ ਵਿਧਾਇਕ ਹਰਮੀਤ ਸਿੰਘ ਢਿੱਲੋਂ (ਪਠਾਣਮਾਜਰਾ) ਦੀ ਜ਼ਮਾਨਤ ’ਤੇ ਅੱਜ ਵੀ ਕੋਈ ਫ਼ੈਸਲਾ ਨਹੀਂ ਹੋ ਸਕਿਆ। ਅਦਾਲਤ ਨੇ ਫ਼ੈਸਲੇ ਦੀ ਅਗਲੀ ਤਰੀਕ 10 ਸਤੰਬਰ ਤੈਅ ਕੀਤੀ ਹੈ। ਜਾਣਕਾਰੀ ਅਨੁਸਾਰ ਅਦਾਲਤ ’ਚ ਅੱਜ ਪਠਾਣਮਾਜਰਾ ਦੀ ਜ਼ਮਾਨਤ ’ਤੇ ਫ਼ੈਸਲਾ ਹੋਣਾ ਸੀ ਪਰ ਸ਼ਿਕਾਇਤਕਰਤਾ ਔਰਤ ਦੇ ਵਕੀਲ ਨੇ ਅਚਾਨਕ ਹੀ ਆਪਣਾ ਵਕਾਲਤਨਾਮਾ ਵਾਪਸ ਲੈ ਲਿਆ। ਵਕੀਲ ਨੇ ਕਿਹਾ ਕਿ ਕੁੱਝ ਨਿੱਜੀ ਕਾਰਨਾਂ ਕਰਕੇ ਉਹ ਇਸ ਕੇਸ ਵਿਚ ਪੂਰੀ ਤਰ੍ਹਾਂ ਹਿੱਸਾ ਨਹੀਂ ਲੈ ਸਕੇਗਾ। ਇਸ ਮਗਰੋਂ ਸ਼ਿਕਾਇਤਕਰਤਾ ਨੇ ਅਦਾਲਤ ਕੋਲੋਂ ਅਗਲੀ ਤਰੀਕ ਦੀ ਮੰਗ ਕਰਦਿਆਂ ਕਿਹਾ ਕਿ ਅਗਲੀ ਤਰੀਕ ’ਤੇ ਉਹ ਆਪਣਾ ਦੂਜਾ ਵਕੀਲ ਪੇਸ਼ ਕਰੇਗੀ। ਦੂਜੇ ਪਾਸੇ ਸਰਕਾਰੀ ਪੱਖ ਨੇ ਅਦਾਲਤ ਨੂੰ ਕਿਹਾ ਕਿ ਪੰਜਾਬ ਪੁਲੀਸ ਨੇ ਪਠਾਣਮਾਜਰਾ ਨੂੰ ਹਰਿਆਣਾ ਦੇ ਪਿੰਡ ਡਬਰੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ, ਜਿੱਥੋਂ ਉਹ ਕੁੱਝ ਲੋਕਾਂ ਦੀ ਮਦਦ ਨਾਲ ਫਰਾਰ ਹੋ ਗਿਆ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਪਠਾਣਮਾਜਰਾ ਨੇ ਇਹ ਗੱਲ ਮੰਨੀ ਹੈ ਕਿ ਉਹ ਔਰਤ ਨਾਲ ਸਬੰਧਾਂ ਵਿੱਚ ਸੀ, ਇਸ ਲਈ ਇਹ ਮਾਮਲਾ ਕਾਫ਼ੀ ਗੰਭੀਰ ਹੈ। ਜੇ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਕੇਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਉਸ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਇਸ ਮਗਰੋਂ ਅਦਾਲਤ ਨੇ ਅਗਲੀ ਸੁਣਵਾਈ 10 ਸਤੰਬਰ ’ਤੇ ਪਾ ਦਿੱਤੀ। ਪਠਾਣਮਾਜਰਾ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਕਿਹਾ ਕਿ ਬਚਾਅ ਪੱਖ ਨੇ ਅੱਜ ਕੋਈ ਪੱਖ ਪੇਸ਼ ਨਹੀਂ ਕੀਤਾ। ਉਧਰ ਪਿੰਡ ਡਬਰੀ ਅਤੇ ਪੰਜਾਬ ਤੋਂ ਗ੍ਰਿਫ਼ਤਾਰ 11 ਵਿਅਕਤੀਆਂ ਨੂੰ ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਵਿਚ ਭੇਜ ਦਿੱਤਾ ਹੈ। ਸੂਤਰਾਂ ਅਨੁਸਾਰ ਚਾਰ ਦਿਨਾਂ ਦੇ ਪੁਲੀਸ ਰਿਮਾਂਡ ਦੇ ਬਾਵਜੂਦ ਪੁਲੀਸ ਨੂੰ ਇਨ੍ਹਾਂ 11 ਵਿਅਕਤੀਆਂ ਕੋਲੋਂ ਪਠਾਣਮਾਜਰਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।