ਪਾਤਰ ਦੀਆਂ ਰਚਨਾਵਾਂ ਨੇ Canada ਦੀ ਧਰਤੀ ’ਤੇ ਪੰਜਾਬੀਆਂ ਨੂੰ ਹਲੂਣਿਆ
ਸਤਿਬੀਰ ਸਿੰਘ
ਬਰੈਪਟਨ, 8 ਜੁਲਾਈ
ਮਰਹੂਮ ਸ਼ਾਇਰ ਸੁਰਜੀਤ ਪਾਤਰ ਦੇ ਪੁੱਤਰ ਮਨਰਾਜ ਪਾਤਰ ਨੇ ਸਰਗਮ ਅਤੇ ਮਿਊਜ਼ੀਅਮ ਫੈਸਟੀਵਲ ਸੰਸਥਾ ਵੱਲੋਂ ਪਾਤਰ ਦੀ ਯਾਦ ਵਿਚ ਕੀਤੇ ਸਮਾਗਮ ਦੌਰਾਨ ਪਾਤਰ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਬਹੁਤ ਹੀ ਸੁਰਮਈ ਅੰਦਾਜ਼ ਵਿੱਚ ਗਾ ਕੇ ਪਾਤਰ ਦੀ ਸ਼ਾਇਰੀ ਦੇ ਗਾਇਨ ਦਾ ਖੂਬ ਰੰਗ ਬੰਨਿਆ। ਮਨਰਾਜ ਨੇ ਪਾਤਰ ਦੀਆਂ ਗ਼ਜ਼ਲਾਂ ਤੇ ਗੀਤਾਂ ਦੀ ਦੇਰ ਰਾਤ ਤੱਕ ਛਹਿਬਰ ਲਾਈ। ਸਰੋਤਿਆਂ ਨੇ ਸੁਹਜਮਈ, ਵੈਰਾਗਮਈ ਤੇ ਹੁਲਾਸਮਈ ਅਵਸਥਾ ਵਿਚ ਮਨਰਾਜ ਦੀ ਆਵਾਜ਼ ਵਿਚ ਪਾਤਰ ਦੀਆਂ ਰਚਨਾਵਾਂ ਦਾ ਅਨੰਦ ਮਾਣਿਆ। ਸਮਾਗਮ ਲਈ ਕੀਨੀਆ ਤੋਂ ਉਚੇਚੇ ਤੌਰ ’ਤੇ ਪੁੱਜੇ ਪਾਤਰ ਦੇ ਭਰਾ ਉਪਕਾਰ ਸਿੰਘ ਪਾਤਰ ਨੇ ਵੀ ਪਾਤਰ ਦੀਆਂ ਗ਼ਜ਼ਲਾਂ ਗਾ ਕੇ ਸ਼ਾਨਦਾਰ ਮਹੌਲ ਸਿਰਜਿਆ।
ਬਰੈਪਟਨ ਥੀਏਟਰ ਦੇ ਹਾਲ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਉੱਘੇ ਲੇਖਕ ਵਰਿਆਮ ਸੰਧੂ ਨੇ ਕਿਹਾ ਕਿ ਜਿਵੇਂ ਵਾਰਸ ਤੇ ਸ਼ਿਵ ਬਟਾਲਵੀ ਪੰਜਾਬੀਆਂ ਦੇ ਚੇਤਿਆਂ ’ਚ ਕਦੇ ਵਿਸਰ ਨਹੀਂ ਸਕਦੇ, ਉਸੇ ਤਰ੍ਹਾਂ ਪਾਤਰ ਪੰਜਾਬੀਆਂ ਦੀ ਸੁਰਤ ਵਿਚ ਸਦਾ ਲਈ ਟਿਕ ਗਿਆ ਹੈ। ਵਿਸ਼ਵ ਦੀ ਕਵਿਤਾ ਵਿਚ ਪੰਜਾਬੀ ਨੂੰ ਉੱਚਾ ਸਥਾਨ ਦਿਵਾਉਣ ਲਈ ਪੰਜਾਬੀ ਪਾਤਰ ਦੇ ਰਿਣੀ ਰਹਿਣਗੇ। ਡਾ. ਗੁਰਤਰਨ ਸਿੰਘ ਨੇ ਕਿਹਾ ਕਿ ਪਾਤਰ ਸ਼ੈਲੇ ਤੇ ਸ਼ੈਕਸਪੀਅਰ ਦੇ ਪੱਧਰ ਦਾ ਕਵੀ ਸੀ। ਟੋਨੀ ਸੰਧੂ ਨੇ ਕਿਹਾ ਪਾਤਰ ਦੇ ਨਾਂ ’ਤੇ ਬਰੈਪਟਨ ਵਿਚ ਭਵਨ ਬਣਾਇਆ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਧਾਲੀਵਾਲ, ਭੁਪਿੰਦਰ ਦੁਲੇ ਸ਼ਮੀਲ, ਸਤਪਾਲ ਜੌਹਲ, ਕੁਲਵਿੰਦਰ ਖਹਿਰਾ, ਦਲਵੀਰ ਸਿੰਘ ਕਥੂਰੀਆ, ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਕਿਰਪਾਲ ਸਿੰਘ ਪੰਨੂ ਆਦਿ ਉਚੇਚੇ ਤੌਰ ’ਤੇ ਸ਼ਾਮਲ ਸਨ। ਟੋਨੀ ਸੰਧੂ ਅਤੇ ਬਲਵਿੰਦਰ ਸਿੰਘ ਨੇ ਜਿੱਥੇ ਆਏ ਲੋਕਾਂ ਦਾ ਧੰਨਵਾਦ ਕੀਤਾ ਉੱਥੇ ਮਨਰਾਜ ਤੇ ਉਪਕਾਰ ਪਾਤਰ ਨੂੰ ਸਨਮਾਨਿਤ ਕੀਤਾ ਗਿਆ। ਕੈਨੇਡਾ ਵਿੱਚ ਪਾਤਰ ਲਈ ਹੋਇਆ ਸਮਾਗਮ ਯਾਦਗਾਰੀ ਹੋ ਨਿਬੜਿਆ।