ਸੜਕ ਹਾਦਸੇ ’ਚ ਮਾਂ-ਪਿਓ ਤੇ ਧੀ ਦੀ ਮੌਤ
ਇੱਥੋਂ ਦੇ ਪਿੰਡ ਭੰਮੇ ਖੁਰਦ ਵਿੱਚ ਇਕ ਮੋਟਰਸਾਈਕਲ ਨੂੰ ਕਾਰ ਚਾਲਕ ਵਲੋ ਟੱਕਰ ਮਾਰਨ ਮਗਰੋਂ ਮੋਟਰਸਾਈਕਲ ਸਵਾਰ ਪਤੀ ਪਤਨੀ ਅਤੇ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਘਟਨਾ ਵਿਚ ਦੋ ਸਾਲਾ ਬੱਚੇ ਦੇ ਸੱਟਾਂ ਲੱਗੀਆਂ ਹਨ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਝੁਨੀਰ ਪੁਲੀਸ ਨੇ ਉਸ ਦੀ ਗੱਡੀ ਨੰਬਰ ਆਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਬਰਕਤ ਸਿੰਘ, ਉਸ ਦੀ ਪਤਨੀ ਮਨਪ੍ਰੀਤ ਕੌਰ, ਧੀ ਦਲਵੀਰ ਕੌਰ ਅਤੇ ਦੋ ਸਾਲਾ ਪੁੱਤ ਰਣਵੀਰ ਸਿੰਘ ਵਾਸੀ ਪਿੰਡ ਸਰਦਾਰੇਵਾਰਾ, ਫਤਿਹਾਬਾਦ, ਮਾਨਸਾ ਦੇ ਪਿੰਡ ਭੰਮੇ ਖੁਰਦ ਤੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਪਰਤ ਰਹੇ ਸੀ। ਇਸ ਦੌਰਾਨ ਮੁੱਖ ਸੜਕ ’ਤੇ ਇਕ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਬਰਕਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਸਿਵਲ ਹਸਪਤਾਲ ਮਾਨਸਾ ਅਤੇ ਪੰਜ ਸਾਲਾ ਧੀ ਦਲਵੀਰ ਕੌਰ ਨੂੰ ਸਰਦੂਲਗੜ੍ਹ ਹਸਪਤਾਲ ਦਾਖਲ ਕਰਵਾਉਣ ਮਗਰੋਂ ਏਮਜ਼ ਰੈਫਰ ਕਰ ਦਿੱਤਾ। ਦੋਵਾਂ ਨੇ ਰਾਹ ਵਿੱਚ ਦਮ ਤੋੜ ਦਿੱਤਾ। ਦੋ ਸਾਲਾ ਪੁੱਤ ਰਣਵੀਰ ਸਿੰਘ ਨੂੰ ਸਿਵਲ ਹਸਪਤਾਲ ਮਾਨਸਾ ਦਾਖ਼ਲ ਕਰਵਾਉਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ।