ਕਾਲਜ ਨਾ ਬਣਨ ਕਾਰਨ 39 ਸਾਲਾਂ ਮਗਰੋਂ ਪੰਚਾਇਤੀ ਜ਼ਮੀਨ ਵਾਪਸ ਮੰਗੀ
ਪਿੰਡ ਚਕਰ ਵਾਸੀ ਤੇ ਕਿਸਾਨ ਆਗੂਆਂ ਦਾ ਵਫ਼ਦ ਏਡੀਸੀ ਨੂੰ ਮਿਲਿਆ
ਇੱਥੋਂ ਨੇੜਲੇ ਪਿੰਡ ਚਕਰ ਦੇ ਵਾਸੀਆਂ ਨੇ 18 ਏਕੜ ਪੰਚਾਇਤੀ ਜ਼ਮੀਨ 39 ਸਾਲ ਬਾਅਦ ਕਾਲਜ ਨਾ ਬਣਨ ’ਤੇ ਵਾਪਸ ਮੰਗ ਲਈ ਹੈ। ਇਸ ਲਈ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਗਿਆ ਹੈ। ਵਫ਼ਦ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।
ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਹੰਸਰਾ ਅਤੇ ਬੀ ਕੇ ਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਨੂੰ ਮਿਲਿਆ। ਆਗੂਆਂ ਨੇ ਮੰਗ ਕੀਤੀ ਕਿ ਤਹਿਸੀਲ ਜਗਰਾਉਂ ਦੇ ਪਿੰਡ ਚਕਰ ਦੀ ਪੰਚਾਇਤ ਨੇ 18 ਏਕੜ ਜ਼ਮੀਨ 1986 ਵਿੱਚ ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਨੂੰ ਕਾਲਜ ਬਣਾਉਣ ਲਈ ਦਿੱਤੀ ਸੀ। ਹੁਣ 39 ਸਾਲ ਬੀਤਣ ਦੇ ਬਾਵਜੂਦ ਜਦੋਂ ਕਾਲਜ ਨਹੀਂ ਬਣਾਇਆ ਗਿਆ ਤਾਂ ਇਹ ਪੰਚਾਇਤੀ ਜ਼ਮੀਨ ਵਾਪਸ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 2013 ਵਿੱਚ ਪੰਚਾਇਤ ਨੇ ਇਸ ਸਬੰਧ ਵਿੱਚ ਅਦਾਲਤ ਵਿੱਚ ਕੇਸ ਕਰ ਦਿੱਤਾ ਸੀ। ਅਦਾਲਤ ਨੇ ਪੰਜ ਸਾਲ ਕੇਸ ਚੱਲਣ ਮਗਰੋਂ ਪੰਚਾਇਤ ਦੇ ਹੱਕ ਵਿੱਚ ਫ਼ੈਸਲਾ ਵੀ ਦੇ ਦਿੱਤਾ। ਇਸ ਮਗਰੋਂ ਦੂਜੀ ਧਿਰ ਨੇ ਅਦਾਲਤ ਵਿੱਚ ਮੁੜ ਕੇਸ ਕਰ ਦਿੱਤਾ ਜਿਸ ਦਾ ਫ਼ੈਸਲਾ ਵੀ ਪੰਚਾਇਤ ਦੇ ਹੱਕ ਵਿੱਚ ਹੋਇਆ ਸੀ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੇ ਪ੍ਰਸ਼ਾਸਨ ਇਹ ਜ਼ਮੀਨ ਪੰਚਾਇਤ ਨੂੰ ਸੌਂਪੇ। ਉਨ੍ਹਾਂ ਦੱਸਿਆ ਕਿ ਏ ਡੀ ਸੀ ਨੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਹੈ। ਵਫ਼ਦ ਵਿੱਚ ਸੁਖਜੀਤ ਸਿੰਘ ਬਾਠ, ਚਮਕੌਰ ਸਿੰਘ, ਰਾਮਕ੍ਰਿਸ਼ਨ, ਲਖਬੀਰ ਸਿੰਘ ਬਾਠ, ਗੁਰਸੇਵਕ ਸਿੰਘ ਪੰਚਾਇਤ ਮੈਂਬਰ, ਹੈਪੀ ਸਿੱਧੂ, ਅਮਨਾ ਚਕਰ, ਗੋਰਾ ਸਿੱਧੂ, ਰਣਜੀਤ ਕਾਲਾ, ਸੋਨੀ ਧਾਲੀਵਾਲ, ਇੰਦਰਜੀਤ ਬਾਠ, ਹਰਦੀਪ ਸਿੰਘ ਤੇ ਦਵਿੰਦਰ ਸਿੰਘ ਵੀ ਸ਼ਾਮਲ ਸਨ