ਪੰਚਾਇਤ ਵੱਲੋਂ ਪ੍ਰੇਮ ਵਿਆਹ ਵਾਲਿਆਂ ਨੂੰ ਅਨੋਖੀ ਸਜ਼ਾ
ਮਹਿੰਦਰ ਸਿੰਘ ਰੱਤੀਆਂ
ਇਥੇ ਥਾਣਾ ਸਦਰ ਅਧੀਨ ਪਿੰਡ ਘੱਲ ਕਲਾਂ ਦੀ ਪੰਚਾਇਤ ਵੱਲੋਂ ਪ੍ਰੇਮ ਵਿਆਹ ਦੀ ਲੜਕਾ ਪਰਿਵਾਰ ਨੂੰ ਅਨੋਖੀ ਸਜ਼ਾ ਦਿੱਤੀ ਗਈ। ਲੜਕਾ ਪਰਿਵਾਰ ਦੇ ਘਰ ਨੂੰ ਤਾਲਾ ਲਗਾ ਕੇ ਪਿੰਡ ਤੋਂ ਬਾਹਰ ਕੱਢ ਦੇਣ ਨਾਲ ਉਹ ਸੜਕ ’ਤੇ ਰਾਤਾਂ ਬਿਤਾਉਣ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਸੀ ਕਿ ਜੇ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਪ੍ਰੇਮ ਵਿਆਹ ਕਰਦਾ ਹੈ, ਤਾਂ ਉਨ੍ਹਾਂ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਿੰਡ ਘੱਲ ਕਲਾਂ ਵਾਸੀ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਮੁਟਿਆਰ ਅਤੇ ਨੌਜਵਾਨ ਨੇ ਇਸੇ ਵਰ੍ਹੇ 5 ਮਈ ਨੂੰ ਪ੍ਰੇਮ ਵਿਆਹ ਕਰਵਾਇਆ ਸੀ। ਲੜਕਾ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਦੇ ਪਰਿਵਾਰ ਅਤੇ ਕੁਝ ਹੋਰ ਲੋਕਾਂ ਨੇ ਮਿਲ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਘਰ ਨੂੰ ਤਾਲਾ ਲਗਾ ਦਿੱਤਾ ਅਤੇ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਗਿਆ। ਲੜਕੇ ਦੀ ਮਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਲੜਕੇ ਦੀ ਮਾਂ ਨੇ ਦੱਸਿਆ ਕਿ ਉਹ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਉਸ ਦਾ ਪਤੀ ਅਤੇ ਛੋਟਾ ਪੁੱਤਰ ਸੜਕ ’ਤੇ ਸੌਂ ਰਹੇ ਹਨ। ਉਧਰ, ਥਾਣਾ ਸਦਰ ਮੁਖੀ ਗੁਰਸੇਵਕ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਨੁੰ ਥਾਣੇ ਸੱਦਿਆ ਗਿਆ ਹੈ ਅਤੇ ਆਹਮੋ ਸਾਹਮਣੇ ਗੱਲ ਕਰਵਾਈ ਜਾਵੇਗੀ। ਪਿੰਡ ਦੇ ਮੋਹਤਬਰਾਂ ਦੇ ਦਖ਼ਲ ਨਾਲ ਉਮੀਦ ਹੈ ਕਿ ਮਾਮਲਾ ਖ਼ਤਮ ਹੋ ਜਾਵੇਗਾ।