ਨਵੀਂ ਦਿੱਲੀ, 3 ਜੁਲਾਈ
ਪਾਕਿਸਤਾਨ ਦੀ ਹਾਕੀ ਟੀਮ ਨੂੰ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੇ ਏਸ਼ੀਆ ਕੱਪ ਤੇ ਨਵੰਬਰ-ਦਸੰਬਰ ’ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ’ਚ ਖੇਡਣ ਤੋਂ ਰੋਕਿਆ ਨਹੀਂ ਜਾਵੇਗਾ, ਕਿਉਂਕਿ ਅਜਿਹਾ ਕਰਨਾ ਓਲੰਪਿਕ ਚਾਰਟਰ ਦੀ ਉਲੰਘਣਾ ਹੋਵੇਗੀ। ਖੇਡ ਮੰਤਰਾਲੇ ਸੂਤਰ ਨੇ ਅੱਜ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਹਾਕੀ ਇੰਡੀਆ ਨੇ ਖੇਡ ਮੰਤਰਾਲੇ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਹਾਕੀ ਏਸ਼ੀਆ ਕੱਪ 29 ਅਗਸਤ ਤੋਂ 7 ਸਤੰਬਰ ਤੱਕ ਰਾਜਗੀਰ (ਬਿਹਾਰ) ’ਚ ਹੋਣਾ ਹੈ, ਜਦਕਿ ਜੂਨੀਅਰ ਹਾਕੀ ਵਿਸ਼ਵ ਕੱਪ ਚੇਨੱਈ ਤੇ ਮਦੁਰਾਇ ਵਿੱਚ 28 ਨਵੰਬਰ ਤੋਂ 10 ਦਸੰਬਰ ਤੱਕ ਹੋਵੇਗਾ।
ਸੂਤਰ ਨੇ ਕਿਹਾ, ‘‘ਅਸੀਂ ਕਿਸੇ ਵੀ ਟੀਮ ਦੇ ਭਾਰਤ ਵਿੱਚ ਬਹੁ-ਮੁਲਕੀ ਟੂਰਨਾਮੈਂਟ ’ਚ ਹਿੱਸਾ ਲੈਣ ਦੇ ਖ਼ਿਲਾਫ਼ ਨਹੀਂ ਹਾਂ, ਜੇਕਰ ਅਸੀਂ ਪਾਕਿਸਤਾਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਓਲੰਪਿਕ ਚਾਰਟਰ ਦੀ ਉਲੰਘਣਾ ਮੰਨੀ ਜਾਵੇਗੀ। ਇਸ ਤਰ੍ਹਾਂ ਅਸੀਂ ਪਾਕਿਸਤਾਨ ਦੇ ਸ਼ਮੂਲੀਅਤ ਵਾਲੇ ਕਿਸੇ ਵੀ ਬਹੁਦੇਸ਼ੀ ਟੂਰਨਾਮੈਂਟ ’ਚ ਹਿੱਸਾ ਲਵਾਂਗੇ। ਪਰ ਦੁਵੱਲੇ ਟੂਰਨਾਮੈਂਟ ਵੱਖਰੇ ਹੁੰਦੇ ਹਨ ਤੇ ਇਸ ਪੱਖ ਤੋਂ ਕੋਈ ਛੋਟ ਨਹੀਂ ਦਿੱਤੀ ਜਾਵੇਗੀ।’’
ਮੰਤਰਾਲੇ ਦੇ ਇਸ ਫ਼ੈਸਲੇ ਨਾਲ ਸਤੰਬਰ ’ਚ ਇੱਥੇ ਹੋਣ ਵਾਲੇ ਨਿਸ਼ਾਨੇਬਾਜ਼ੀ ਜੂਨੀਅਰ ਵਿਸ਼ਵ ਕੱਪ ਅਤੇ ਸਤੰਬਰ-ਅਕਤੂਬਰ ’ਚ ਦਿੱਲੀ ਵਿੱਚ ਹੋਣ ਵਾਲੀ ਵਿਸ਼ਵ ਪੈਰਾ-ਅਥਲੈਟਿਕ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਦੇ ਸ਼ਾਮਲ ਹੋਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਸੂਤਰ ਨੇ ਕਿਹਾ, ‘‘ਅਸੀਂ ਹਾਕੀ ਇੰਡੀਆ (ਐੱਚਆਈ) ਨੂੰ ਇਸ ਫ਼ੈਸਲੇ ਬਾਰੇ ਜਾਣੂ ਕਰਵਾ ਦਿੱਤਾ ਹੈ।’’ ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਕਿਹਾ, ‘‘ਅਸੀਂ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਸਾਡਾ ਸ਼ੁਰੂ ਤੋਂ ਹੀ ਇਹ ਰੁਖ਼ ਰਿਹਾ ਹੈ ਕਿ ਸਰਕਾਰ ਜੋ ਵੀ ਫ਼ੈਸਲਾ ਕਰੇਗੀ ਅਸੀਂ ਉਸ ਦੀ ਪਾਲਣਾ ਕਰਾਂਗੇ।’’ -ਪੀਟੀਆਈ
ਏਸ਼ੀਆ ਕੱਪ ਕ੍ਰਿਕਟ ਮੁਕਾਬਲੇ ਬਾਰੇ ਦੁਚਿੱਤੀ
ਭਾਰਤ ਨੂੰ ਸਤੰਬਰ ਮਹੀਨੇ ਏਸ਼ੀਆ ਕ੍ਰਿਕਟ ਕੱਪ ’ਚ ਪਾਕਿਸਤਾਨ ਖ਼ਿਲਾਫ਼ ਖੇਡਣ ਦੀ ਮਨਜ਼ੂਰੀ ਦੇਣ ਸਬੰਧੀ ਸਵਾਲ ’ਤੇ ਸੂਤਰ ਨੇ ਕਿਹਾ ਕਿ ਬੀਸੀਸੀਆਈ ਨੇ ਹਾਲੇ ਤੱਕ ਇਸ ਬਾਰੇ ਸੰਪਰਕ ਨਹੀਂ ਕੀਤਾ। ਸੂਤਰ ਨੇ ਆਖਿਆ, ‘‘ਬੀਸੀਸੀਆਈ ਨੇ ਹਾਲੇ ਤੱਕ ਇਸ ਮਸਲੇ ’ਤੇ ਸੰਪਰਕ ਨਹੀਂ ਕੀਤਾ ਹੈ। ਜਦੋਂ ਉਹ ਸੰਪਰਕ ਕਰਨਗੇ ਤਾਂ ਅਸੀਂ ਇਸ ਮਸਲੇ ’ਤੇ ਵਿਚਾਰ ਕਰਾਂਗੇ।’’ ਅਜਿਹੇ ਕਿਆਫੇ ਲਾਏ ਜਾ ਰਹੇ ਹਨ ਕਿ ਭਾਰਤ ਤੇ ਪਾਕਿਸਤਾਨ ਇਸ ਮਹਾਂਦੀਪੀ ਟੂਰਨਾਮੈਂਟ ਦੇ ਰਾਊਂਡ ਰੌਬਿਨ ਮੈਚ ’ਚ ਇੱਕ-ਦੂਜੇ ਖ਼ਿਲਾਫ਼ ਖੇਡਣਗੇ, ਜੋ ਯੂਏਈ ਜਾਂ ਸ੍ਰੀਲੰਕਾ ਵਿੱਚ ਹੋਣਾ ਹੈ, ਹਾਲਾਂਕਿ ਟੂਰਨਾਮੈਂਟ ਦਾ ਮੂਲ ਮੇਜ਼ਬਾਨ ਭਾਰਤ ਹੀ ਹੈ।