ਉਜਵਲ ਜਲਾਲੀ
ਨਵੀਂ ਦਿੱਲੀ, 7 ਜੁਲਾਈ
ਤਿਹਾੜ ਜੇਲ ’ਚ ਬੰਦ ਤਹੱਵੁਰ ਹੁਸੈਨ ਰਾਣਾ ਨੇ ਕਬੂਲ ਕੀਤਾ ਹੈ ਕਿ 26/11 ਦੇ ਮੁੰਬਈ ਦਹਿਸ਼ਤੀ ਹਮਲਿਆਂ ਦੀ ਸਾਜ਼ਿਸ਼ ਪਾਕਿਸਤਾਨੀ ਫੌਜ ਅਤੇ ਉਥੋਂ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਘੜੀ ਸੀ। ਉਸ ਨੇ ਇਹ ਵੀ ਮੰਨਿਆ ਹੈ ਕਿ ਹਮਲਿਆਂ ਦੌਰਾਨ ਉਹ ਮੁੰਬਈ ਵਿੱਚ ਹੀ ਸੀ। ਤਹੱਵੁਰ ਨੂੰ 10 ਅਪਰੈਲ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ। ਦਿੱਲੀ ਦੀ ਤਿਹਾੜ ਜੇਲ ਵਿੱਚ ਮੁੰਬਈ ਪੁਲੀਸ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਰਾਣਾ ਨੇ ਇਹ ਵੀ ਮੰਨਿਆ ਕਿ ਪਾਕਿਸਤਾਨੀ ਫੌਜ ਨੂੰ ਉਸ ’ਤੇ ਭਰੋਸਾ ਸੀ ਅਤੇ ਉਸ ਨੂੰ ਖਾੜੀ ਜੰਗ ਦੌਰਾਨ ਸਾਊਦੀ ਅਰਬ ਵਿੱਚ ਇੱਕ ਗੁਪਤ ਮਿਸ਼ਨ ’ਤੇ ਵੀ ਭੇਜਿਆ ਗਿਆ ਸੀ। ਰਾਣਾ ਨੇ ਕਿਹਾ ਹੈ ਕਿ ਉਸ ਨੇ ਹਮਲਿਆਂ ਤੋਂ ਪਹਿਲਾਂ ਮੁੰਬਈ ਵਿੱਚ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਵਰਗੀਆਂ ਥਾਵਾਂ ਦੀ ਰੇਕੀ ਕੀਤੀ ਸੀ। ਸੂਤਰਾਂ ਮੁਤਾਬਕ ਤਹੱਵੁਰ ਰਾਣਾ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਦੋਸਤ ਅਤੇ ਸਹਿ-ਸਾਜ਼ਿਸ਼ਘਾੜੇ ਡੇਵਿਡ ਕੋਲਮੈਨ ਹੈਡਲੀ ਨੂੰ ਪਾਕਿਸਤਾਨ ਆਧਾਰਿਤ ਲਸ਼ਕਰ-ਏ-ਤਇਬਾ ਨੇ ਸਿਖਲਾਈ ਦਿੱਤੀ ਸੀ ਅਤੇ ਉਹ ਆਈਐੱਸਆਈ ਨਾਲ ਮਿਲ ਕੇ ਕੰਮ ਕਰ ਰਹੇ ਸਨ।
ਭਾਰਤ ਨਾਲ ਸੰਘਰਸ਼ ਦੌਰਾਨ ਵਿਦੇਸ਼ੀ ਮਦਦ ਨਹੀਂ ਲਈ: ਮੁਨੀਰ
ਇਸਲਾਮਾਬਾਦ: ਪਾਕਿਸਤਾਨ ਦੇ ਸੈਨਾ ਮੁਖੀ ਆਸਿਮ ਮੁਨੀਰ ਨੇ ਅੱਜ ਭਾਰਤ ਦੀ ਇਸ ਗੱਲ ਲਈ ਆਲੋਚਨਾ ਕੀਤੀ ਕਿ ਇਸਲਾਮਾਬਾਦ ਨੂੰ ਚਾਰ ਰੋਜ਼ਾ ਸੰਘਰਸ਼ ਦੌਰਾਨ ਬਾਹਰੋਂ ਹਮਾਇਤ ਮਿਲੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਦਾਅਵੇ ‘ਤੱਥਾਂ ਪੱਖੋਂ ਗਲਤ ਹਨ।’ ਨੈਸ਼ਨਲ ਡਿਫੈਂਸ ਯੂਨੀਵਰਸਿਟੀ, ਇਸਲਾਮਾਬਾਦ ’ਚ ਗਰੈਜੂਏਟ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਮੁਨੀਰ ਨੇ ਦੁਹਰਾਇਆ ਕਿ ਪਾਕਿਸਤਾਨ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਬਿਨਾਂ ਕਿਸੇ ਝਿਜਕ ਦੇ ਤੁਰੰਤ ਤੇ ਕਰਾਰਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਪਾਕਿਸਤਾਨ ਦੀ ਜੰਗੀ ਮੁਹਿੰਮ ’ਚ ਬਾਹਰੀ ਸਹਾਇਤਾ ਬਾਰੇ ਲਾਏ ਗਏ ਦੋਸ਼ ਗ਼ੈਰ-ਜ਼ਿੰਮੇਵਾਰੀ ਵਾਲੇ ਤੇ ਤੱਥਾਂ ਪੱਖੋਂ ਗਲਤ ਹਨ ਅਤੇ ਦਹਾਕਿਆਂ ਦੀ ਰਣਨੀਤਕ ਸਮਝ ਰਾਹੀਂ ਵਿਕਸਤ ਸਵਦੇਸ਼ੀ ਸਮਰੱਥਾ ਨੂੰ ਸਵੀਕਾਰ ਨਾ ਕਰਨ ਦੀ ਉਸ (ਭਾਰਤ) ਦੀ ਪੁਰਾਣੀ ਇੱਛਾ ਨੂੰ ਦਰਸਾਉਂਦੇ ਹਨ।’ ਉਨ੍ਹਾਂ ਕਿਹਾ ਕਿ ਦੁਵੱਲੇ ਫੌਜੀ ਸੰਘਰਸ਼ ’ਚ ਹੋਰ ਦੇਸ਼ਾਂ ਦੀ ਭਾਈਵਾਲੀ ਦੱਸਣੀ ਵੀ ਖੇਮੇਬਾਜ਼ੀ ਦੀ ਰਾਜਨੀਤੀ ਕਰਨ ਦੀ ਇੱਕ ਘਟੀਆ ਕੋਸ਼ਿਸ਼ ਹੈ। -ਪੀਟੀਆਈ