ਪਹਿਲਗਾਮ ਹਮਲਾ: ਐੱਨਆਈਏ ਨੂੰ ਦੋ ਮੁਲਜ਼ਮਾਂ ਦਾ ਪੰਜ ਰੋਜ਼ਾ ਰਿਮਾਂਡ ਮਿਲਿਆ
ਜੰਮੂ, 23 ਜੂਨ
ਪਹਿਲਗਾਮ ਦਹਿਸ਼ਤੀ ਹਮਲੇ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਇੱਥੋਂ ਦੀ ਇੱਕ ਅਦਾਲਤ ਤੋਂ ਦੋ ਮੁਲਜ਼ਮਾਂ ਦਾ ਪੰਜ ਰੋਜ਼ਾ ਰਿਮਾਂਡ ਮਿਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ’ਤੇ ਪਾਕਿਸਤਾਨੀ ਅਤਿਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਐੱਨਆਈਏ ਨੇ ਐਤਵਾਰ ਨੂੰ ਦੋ ਮੁਲਜ਼ਮਾਂ ਪਰਵੇਜ਼ ਅਹਿਮਦ ਜੋਠਰ ਅਤੇ ਬਸ਼ੀਰ ਅਹਿਮਦ ਜੋਠਰ ਨੂੰ ਗ੍ਰਿਫਤਾਰ ਕੀਤਾ ਸੀ। ਹਮਲੇ ਦੀ ਜਾਂਚ ’ਚ ਇਹ ਪਹਿਲੀ ਵੱਡੀ ਸਫਲਤਾ ਸੀ। ਪਹਿਲਗਾਮ ਵਿੱਚ 22 ਅਪਰੈਲ ਨੂੰ ਹੋਏ ਹਮਲੇ ਦੌਰਾਨ ਅਤਿਵਾਦੀਆਂ ਨੇ 26 ਸੈਲਾਨੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਐੱਨਆਈਏ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਹਮਲੇ ਵਿੱਚ ਸ਼ਾਮਲ ਤਿੰਨ ਹਥਿਆਰਬੰਦ ਅਤਿਵਾਦੀਆਂ ਦੀ ਪਛਾਣ ਦਾ ਖੁਲਾਸਾ ਕੀਤਾ ਹੈ ਅਤੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਹ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤਇਬਾ (ਐੱਲਈਟੀ) ਨਾਲ ਜੁੜੇ ਪਾਕਿਸਤਾਨੀ ਨਾਗਰਿਕ ਸਨ। ਇੱਕ ਅਦਾਲਤੀ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਜੰਮੂ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਿਤੇਸ਼ ਕੁਮਾਰ ਦੂਬੇ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 27 ਜੂਨ ਨੂੰ ਪੰਜ ਦਿਨਾਂ ਲਈ ਐੱਨਆਈਏ ਹਿਰਾਸਤ ’ਚ ਭੇਜ ਦਿੱਤਾ ਗਿਆ। ਐੱਨਆਈਏ ਦੀ ਜਾਂਚ ਅਨੁਸਾਰ ਪਰਵੇਜ਼ ਅਤੇ ਬਸ਼ੀਰ ਨੇ ਹਮਲੇ ਤੋਂ ਪਹਿਲਾਂ ਤਿੰਨ ਹਥਿਆਰਬੰਦ ਅਤਿਵਾਦੀਆਂ ਨੂੰ ਹਿੱਲ ਪਾਰਕ ਦੀ ਝੌਂਪੜੀ ਵਿੱਚ ਪਨਾਹ ਦਿੱਤੀ ਸੀ। ਸੰਘੀ ਅਤਿਵਾਦ ਵਿਰੋਧੀ ਏਜੰਸੀ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੇ ਪਹਿਲਗਾਮ ਹਮਲੇ ਵਿੱਚਸ਼ਾਮਲ ਅਤਿਵਾਦੀਆਂ ਨੂੰ ਭੋਜਨ, ਪਨਾਹ ਅਤੇ ਲੌਜਿਸਟਿਕਸ ਮੁਹੱਈਆ ਕਰਵਾਏ ਸਨ। -ਪੀਟੀਆਈ