ਪਹਿਲਗਾਮ ਹਮਲਾ: ਪਾਕਿਸਤਾਨੀ ਵਿਹਾਂਦੜਾਂ ’ਚ ਸਹਿਮ
ਮਕਬੂਲ ਅਹਿਮਦ
ਕਾਦੀਆਂ, 24 ਅਪਰੈਲ
ਭਾਰਤ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਪਾਕਿਸਤਾਨੀ ਵਿਹਾਂਦੜਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤ ਵਿੱਚ ਵਿਆਹੀਆਂ ਪਾਕਿਸਤਾਨੀ ਵਿਹਾਂਦੜਾਂ ਨੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਪਹਿਲਗਾਮ ਘਾਟੀ ਵਿੱਚ ਮੰਗਲਵਾਰ ਨੂੰ ਅਤਿਵਾਦੀਆਂ ਨੇ 27 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸੇ ਤਹਿਤ ਵਾਹਗਾ ਬਾਰਡਰ ਬੰਦ ਕਰਕੇ ਵਪਾਰ ਅਤੇ ਹੋਰ ਲੈਣ-ਦੇਣ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਹੈ। ਇਸੇ ਤਹਿਤ ਭਾਰਤ ਰਹਿ ਰਹੇ ਪਾਕਿਸਤਾਨੀ ਲੋਕਾਂ ਦੇ ਵੀਜ਼ੇ ਰੱਦ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਇਸ ਕਾਰਨ ਪਾਕਿਸਤਾਨ ਦੀਆਂ ਲੜਕੀਆਂ ਜੋ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਆਹੀਆਂ ਹੋਈਆਂ ਹਨ, ਉਹ ਕਾਫ਼ੀ ਪ੍ਰੇਸ਼ਾਨ ਹਨ। ਇਨ੍ਹਾਂ ਔਰਤਾਂ ਦਾ ਜਿੱਥੇ ਸਹੁਰਾ ਪਰਿਵਾਰ ਪੰਜਾਬ ਵਿੱਚ ਹੈ, ਉਥੇ ਪੇਕਾ ਪਰਿਵਾਰ ਪਾਕਿਸਤਾਨ ਵਿਚ ਹੋਣ ਕਾਰਨ ਮੋਹ ਦੀਆਂ ਤੰਦਾਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ। ਦੋਵਾਂ ਦੇਸ਼ਾਂ ਵਿਚ ਬੈਠੇ ਪਰਿਵਾਰਾਂ ਦੇ ਮੈਂਬਰ ਵਾਰ-ਵਾਰ ਉਹ ਇਧਰੋਂ-ਓਧਰ ਤੇ ਓਧਰੋਂ-ਇਧਰ ਇਕ-ਦੂਜੇ ਨੂੰ ਫੋਨ ਕਰਕੇ ਹਾਲਾਤ ਬਾਰੇ ਪੁੱਛ ਰਹੇ ਹਨ।
ਇੱਥੇ ਧਾਰੀਵਾਲ ਦੀ ਸ਼ੁਮੈਲਾ ਸਲੀਮ ਨੇ ਦੱਸਿਆ ਕਿ ਉਸ ਦਾ 11 ਸਾਲ ਪਹਿਲਾਂ ਵਿਜੇ ਹੈਨਰੀ ਨਾਲ ਵਿਆਹ ਹੋਇਆ ਸੀ। ਇਸ ਵੇਲੇ ਉਸ ਦੇ ਦੋ ਬੱਚੇ ਇਕ ਪੁੱਤਰ ਤੇ ਧੀ ਹੈ। ਉਸ ਨੇ ਦੱਸਿਆ ਕਿ ਉਹ ਕਰਾਚੀ ਪਾਕਿਸਤਾਨ ਤੋਂ ਧਾਰੀਵਾਲ ਵਿਆਹੀ ਗਈ ਸੀ। ਉਸ ਨੇ ਦੱਸਿਆ ਕਿ ਹੁਣ ਉਸ ਨੂੰ ਆਪਣੇ ਵੀਜ਼ੇ ਦਾ ਫਿਕਰ ਪੈ ਗਿਆ ਹੈ ਕਿਉਂਕਿ ਉਸ ਕੋਲ ਐੱਲਟੀਵੀ (ਲੌਂਗ ਟਰਮ ਵੀਜ਼ਾ) ਹੈ।
ਇਸੇ ਤਰ੍ਹਾਂ ਹੀ, ਕਰੀਬ ਡੇਢ ਸਾਲ ਪਹਿਲਾਂ ਪ੍ਰੇਮ ਵਿਆਹ ਦੇ ਬੰਧਨ ਵਿਚ ਬੱਝੀ ਸ਼ਾਹਨੀਲ ਪਤਨੀ ਨਿਤਿਨ ਲੂਥਰਾ ਵਾਸੀ ਬਟਾਲਾ ਨੇ ਦੱਸਿਆ ਕਿ ਉਸ ਦੇ ਪੇਕੇ ਲਾਹੌਰ ਵਿਚ ਹਨ ਅਤੇ ਉਸ ਦੇ ਮਾਪੇ ਵੀ ਭਾਰਤ ਸਰਕਾਰ ਦੇ ਤਾਜ਼ਾ ਫਰਮਾਨ ਨੂੰ ਲੈ ਕੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਸ੍ਰੀ ਹਰਗੋਬਿੰਦਪੁਰ ਦੀ ਸੁਮਨ ਬਾਲਾ ਪਤਨੀ ਅਮਿਤ ਸ਼ਰਮਾ ਨੇ ਕਿਹਾ ਕਿ ਉਸ ਦੀ ਭੈਣ ਨੇ ਉਸ ਨੂੰ ਮਿਲਣ ਲਈ ਪੰਜਾਬ ਆਉਣਾ ਸੀ, ਪਰ ਉਸ ਦਾ ਵੀਜ਼ਾ ਵੀ ਰੱਦ ਹੋ ਗਿਆ ਹੈ। ਹੁਣ ਉਹ ਆਪਣੇ ਪਰਿਵਾਰ ਨੂੰ ਪਤਾ ਨਹੀਂ ਕਦੋਂ ਮਿਲ ਸਕੇਗੀ। ਇਸੇ ਤਰ੍ਹਾਂ, ਕਾਹਨੂੰਵਾਨ ਦੀ ਮਾਰੀਆ ਪਤਨੀ ਸੋਨੂੰ ਮਸੀਹ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ 20 ਦੇ ਕਰੀਬ ਪਾਕਿਸਤਾਨੀ ਲੜਕੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਆਹੀਆਂ ਹੋਈਆਂ ਹਨ, ਜੋ ਫਿਕਰਾਂ ਵਿੱਚ ਡੁੱਬੀਆਂ ਹੋਈਆਂ ਹਨ।
ਉਧਰ, ਕਈ ਪਾਕਿਸਤਾਨੀ ਵਿਹਾਂਦੜਾਂ ਆਪਣੇ ਪਾਸਪੋਰਟ ਰੀਨਿਊ ਕਰਵਾਉਣ ਦੇ ਮਕਸਦ ਨਾਲ ਪਾਕਿਸਤਾਨ ਭਾਰਤ ਸਰਕਾਰ ਵੱਲੋਂ ਜਾਰੀ ਨੋਰੀ (ਨੋ ਅਬਜੈਕਸ਼ਨ ਟੂ ਰਿਟਰਨ ਇੰਡੀਆ) ਵੀਜ਼ੇ ’ਤੇ ਗਈਆਂ ਸਨ, ਜੋ ਉਥੇ ਫ਼ਸ ਗਈਆਂ ਹਨ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਤੋਂ ਭਾਰਤ ਲਈ ਵਾਪਸੀ ਯਕੀਨੀ ਬਣਾਈ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਵਿੱਚ ਆ ਕੇ ਰਹਿ ਸਕਣ।