ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਦੇ ਛੇ ਜ਼ਿਲ੍ਹਿਆਂ ’ਚ ਝੋਨਾ ਵਾਇਰਸ ਤੋਂ ਪ੍ਰਭਾਵਿਤ

ਕਿਸਾਨ ਚਿੰਤਤ; ਪ੍ਰਭਾਵਿਤ ਫ਼ਸਲ ਦੇ ਵਾਧੇ ਵਿੱਚ ਆਈ ਖਡ਼ੋਤ
ਫਾਈਲ ਫੋਟੋ, ਸੰਕੇਤਕ ਤਸਵੀਰ
Advertisement

ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ’ਚ ਝੋਨੇ ਦੀ ਫ਼ਸਲ ਵਾਇਰਸ ਤੋਂ ਪ੍ਰਭਾਵਿਤ ਹੋਣ ਲੱਗੀ ਹੈ ਜਿਸ ਨਾਲ ਝੋਨਾ ਮਧਰਾ ਰਹਿ ਰਿਹਾ ਹੈ ਅਤੇ ਫ਼ਸਲ ਦੇ ਵਾਧੇ ’ਚ ਖੜੋਤ ਆ ਗਈ ਹੈ। ਲੰਘੇ ਤਿੰਨ ਸਾਲਾਂ ਤੋਂ ਝੋਨਾ ਉਤਪਾਦਕਾਂ ਨੂੰ ਇਸ ਵਾਇਰਸ ਦੀ ਮਾਰ ਝੱਲਣੀ ਪੈ ਰਹੀ ਹੈ। ਪਿਛਲੇ ਸਾਲ ਵੀ ਕਈ ਜ਼ਿਲ੍ਹਿਆਂ ਵਿੱਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ। ਖੇਤੀ ਮਾਹਿਰ ਆਖਦੇ ਹਨ ਕਿ ‘ਡਵਾਰਫ ਵਾਇਰਸ’ ਨਾਲ ਪੌਦੇ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਅਖੀਰ ਵਿੱਚ ਇਸ ਨਾਲ ਪੈਦਾਵਾਰ ਵੀ ਪ੍ਰਭਾਵਿਤ ਹੁੰਦੀ ਹੈ। ਕਈ ਥਾਵਾਂ ’ਤੇ ਕਿਸਾਨਾਂ ਨੂੰ ਮੁੜ ਝੋਨਾ ਲਾਉਣਾ ਪੈ ਰਿਹਾ ਹੈ। ਪੰਜਾਬ ਵਿੱਚ ਝੋਨੇ ਦੀ ਬਿਜਾਈ ਹੁਣੇ ਖ਼ਤਮ ਹੋਈ ਹੈ ਅਤੇ 31.1 ਲੱਖ ਹੈਕਟੇਅਰ ਰਕਬੇ ਵਿੱਚ ਐਤਕੀਂ ਝੋਨੇ ਦੀ ਲਵਾਈ ਹੋਈ ਹੈ। ਜ਼ਿਲ੍ਹਾ ਮੁਹਾਲੀ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਨਵਾਂਸ਼ਹਿਰ, ਰੋਪੜ ਅਤੇ ਸੰਗਰੂਰ ਵਿੱਚ ਇਸ ਵਾਇਰਸ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਇਸ ਵਾਇਰਸ ਦਾ ਜ਼ਿਆਦਾ ਪ੍ਰਭਾਵ ਝੋਨੇ ਦੀ ਪੀਆਰ 131 ਕਿਸਮ ’ਤੇ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਪਟਿਆਲਾ ਜ਼ਿਲ੍ਹੇ ਵਿੱਚ ਕਰੀਬ 300 ਏਕੜ ਅਤੇ ਜ਼ਿਲ੍ਹਾ ਰੋਪੜ ਵਿੱਚ ਕਰੀਬ 100 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ।

ਰੋਪੜ ਦੇ ਪਿੰਡ ਖਾਬੜਾ ’ਚ ਕਈ ਕਿਸਾਨਾਂ ਨੇ ਝੋਨਾ ਮੁੜ ਲਾਉਣ ਬਾਰੇ ਸੋਚਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਵਾਇਰਸ ਤੋਂ ਪ੍ਰਭਾਵਿਤ ਪੌਦੇ ਅਕਾਰ ਵਿੱਚ ਆਮ ਨਾਲੋਂ ਸਿਰਫ਼ ਇੱਕ ਤਿਹਾਈ ਤੱਕ ਹੀ ਵਧਦੇ ਹਨ ਅਤੇ ਪੂਰੀ ਤਰ੍ਹਾਂ ਪੌਦੇ ਨਿੱਸਰਦੇ ਨਹੀਂ। ਇਸ ਨਾਲ ਜੜ੍ਹਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ। ਕਿਸਾਨ ਘਬਰਾਹਟ ਵਿੱਚ ਹਨ ਕਿਉਂਕਿ ਉਨ੍ਹਾਂ ਨੂੰ ਲਾਗਤ ਖ਼ਰਚੇ ਵਧਣ ਦਾ ਡਰ ਵੱਧ ਜਾਂਦਾ ਹੈ। ਖੇਤੀ ਅਧਿਕਾਰੀ ਆਖਦੇ ਹਨ ਇਹ ਵਾਇਰਸ ਬਹੁਤ ਹੀ ਮਾਮੂਲੀ ਰਕਬੇ ਤੱਕ ਸੀਮਤ ਹੈ।

Advertisement

ਦੂਜੇ ਪਾਸੇ ਝੋਨਾ ਉਤਪਾਦਕ ਫ਼ਿਕਰਮੰਦ ਹਨ ਕਿ ਕਿਤੇ ਇਹ ਵਾਇਰਸ ਫੈਲ ਨਾ ਜਾਵੇ। ਕਿਸਾਨਾਂ ਨੂੰ ਫ਼ਸਲ ਦੇ ਬਚਾਅ ਲਈ ਕੀਟਨਾਸ਼ਕਾਂ ਦੇ ਛਿੜਕਾਅ ’ਤੇ ਵਾਧੂ ਖਰਚਾ ਕਰਨਾ ਪੈਣਾ ਹੈ। ਖੇਤੀ ਅਧਿਕਾਰੀ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ ਕਿ ਜਿੱਥੇ ਕਿਤੇ ਵੀ ਇਸ ਵਾਇਰਸ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤਾਂ ਫ਼ੌਰੀ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ।

ਖੇਤੀ ਵਿਭਾਗ ਨੇੜਿਓਂ ਨਜ਼ਰ ਰੱਖ ਰਿਹਾ ਹੈ: ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਝੋਨੇ ’ਤੇ ਇਸ ਵਾਇਰਸ ਦਾ ਪ੍ਰਭਾਵ ਪੈਣ ਬਾਰੇ ਸੂਚਨਾ ਮਿਲੀ ਸੀ। ਇਸ ਮਗਰੋਂ ਉਨ੍ਹਾਂ ਨੇ ਫ਼ੌਰੀ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਦੀ ਹਦਾਇਤ ਕੀਤੀ ਸੀ। ਮਾਹਿਰਾਂ ਨੇ ਪ੍ਰਭਾਵਿਤ ਫ਼ਸਲਾਂ ਦੇ ਨਮੂਨੇ ਲਏ ਸਨ। ਉਨ੍ਹਾਂ ਦੱਸਿਆ ਕਿ ਮੁਢਲੇ ਪੜਾਅ ’ਤੇ ਸਾਹਮਣੇ ਆਇਆ ਕਿ ਸ਼ੁਰੂਆਤੀ ਬਾਰਸ਼ਾਂ ਕਾਰਨ ਵੀ ਵਾਇਰਸ ਪਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਭਾਗ ਨੇੜਿਓ ਨਜ਼ਰ ਰੱਖ ਰਿਹਾ ਹੈ।

Advertisement