ਲਖਵਿੰਦਰ ਸਿੰਘ
ਇਸ ਖਿੱਤੇ ਵਿੱਚ ਪਏ ਭਾਰੀ ਮੀਂਹ ਅਤੇ ਗੜਿਆਂ ਨੇ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਕਿਸਾਨ ਪਹਿਲਾਂ ਹੀ ਕਈ ਦਿਨਾਂ ਤੋਂ ਮੰਡੀਆਂ ਵਿੱਚ ਆਪੋ-ਆਪਣੀ ਫਸਲ ਦੇ ਭਾਅ ਲੱਗਣ ਦੀ ਉਡੀਕ ਵਿਚ ਬੈਠੇ ਸਨ ਅਤੇ ਉਤੋਂ ਗੜੇ ਪੈ ਗਏ। ਇਸ ਮੀਂਹ ਅਤੇ ਗੜੇਮਾਰੀ ਕਰਕੇ ਅਨੇਕਾਂ ਕੁਇੰਟਲ ਝੋਨਾ ਪਾਣੀ ’ਚ ਰੁੜ ਗਿਆ, ਸੀਵਰੇਜ ਬੰਦ ਹੋਣ ਕਰਕੇ, ਖੜ੍ਹੇ ਪਾਣੀ ’ਚੋਂ ਵਾਹਨਾਂ ਦੀਆਂ ਛੱਲਾਂ ਵੱਜਣ ਕਰਕੇ ਫੜ੍ਹ ’ਤੇ ਪਿਆ ਕਾਫੀ ਝੋਨਾ ਮਿੱਟੀ ਵਿਚ ਮਿਲ ਕੇ ਰੁੜ੍ਹ ਗਿਆ ਅਤੇ ਸੀਵਰੇਜ ਵਿੱਚ ਚਲਾ ਗਿਆ। ਕਿਸਾਨ ਕਾਲਾ ਰਾਮ ਨੇ ਦੱਸਿਆ ਕਿ ਜਦੋਂ ਮੀਂਹ ਪੈ ਰਿਹਾ ਸੀ, ਕਿਸਾਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਝੋਨੇ ਨੂੰ ਰੁੜ੍ਹਣ ਤੋਂ ਬਚਾਅ ਲਿਆ ਜਾਵੇ ਪਰ ਸੀਵਰੇਜ ਬੰਦ ਹੋਣ ਕਰਕੇ ਪਾਣੀ ਕਾਫੀ ਖੜ੍ਹ ਗਿਆ, ਜਿਸ ਕਰਕੇ ਜਦੋਂ ਵੀ ਕੋਈ ਵਾਹਨ ਲੰਘਦਾ, ਛੱਲਾਂ ਵੱਜਣ ਕਰਕੇ ਕਾਫੀ ਝੋਨਾ ਸੀਵਰੇਜ ਵਿੱਚ ਰੁੜ੍ਹ ਗਿਆ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਪ੍ਰਬੰਧ ਖਸਤਾ ਹੋਣ ਕਰਕੇ ਕੁਇੰਟਲਾਂ ਦੇ ਹਿਸਾਬ ਨਾਲ ਝੋਨਾ ਰੁੜ੍ਹ ਗਿਆ। ਖੇਤਾਂ ਵਿੱਚ ਖੜ੍ਹੀ ਬਾਸਮਤੀ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ।

