ਆਊਟਸੋਰਸ ਕਾਮਿਆਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ ਅੱਜ ਦਿੜ੍ਹਬਾ ’ਚ ਝੰਡਾ ਮਾਰਚ ਕੀਤਾ ਗਿਆ। ਉਨ੍ਹਾਂ ‘ਆਪ’ ਦੇ ਦਫ਼ਤਰ ਬਾਹਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਵੀ ਫੂਕਿਆ। ਇਹ ਮਾਰਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੀਟਿੰਗ ਦੌਰਾਨ ਵਰਤੀ ‘ਕਥਿਤ’ ਭੱਦੀ ਸ਼ਬਦਾਵਲੀ ਦੇ ਰੋਸ ਵਜੋਂ ਕੀਤਾ ਗਿਆ।
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਜਥੇਬੰਦੀ ਅਤੇ ਵਿੱਤ ਮੰਤਰੀ ਸਬ ਕਮੇਟੀ ਦੀ ਮੀਟਿੰਗ ਹੋਈ ਸੀ। ਜਦੋਂ ਜਥੇਬੰਦੀ ਦੇ ਆਗੂ ਚੰਡੀਗੜ੍ਹ ਪੰਜਾਬ ਭਵਨ ’ਚ ਮੀਟਿੰਗ ਕਰਨ ਗਏ ਤਾਂ ਵਿੱਤ ਮੰਤਰੀ ਕਮੇਟੀ ਨੇ ਉਨ੍ਹਾਂ ਨਾਲ ਕਥਿਤ ਮਾੜਾ ਸਲੂਕ ਕੀਤਾ। ਜਥੇਬੰਦੀ ਦੇ ਆਗੂਆਂ ਨੂੰ ਕਿਹਾ ਗਿਆ “ਤੁਹਾਨੂੰ ਮੀਟਿੰਗ ਲਈ ਕਿਸ ਨੇ ਸੱਦਿਆ ਹੈ।” ਜਦੋਂਕਿ ਮੀਟਿੰਗ ਲਈ ਸਰਕਾਰਾਂ ਵਿਭਾਗ ਵੱਲੋਂ ਜਥੇਬੰਦੀ ਨੂੰ ਲਿਖਤੀ ਤੌਰ ’ਤੇ ਸੱਦਾ ਮਿਲਿਆ ਸੀ। ਯੂਨੀਅਨ ਦੇ ਆਗੂਆਂ ਨੇ ਅੱਗੇ ਕਿਹਾ ਕਿ ਫ਼ਿਰ ਵਿੱਤ ਮੰਤਰੀ ਵੱਲੋਂ ਆਪਣੇ ਦਫ਼ਤਰ ਦੇ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਜੇ ਇਹ ਧਰਨਾ ਲਾਉਂਦੇ ਹਨ ਤਾਂ ਡੀਐੱਸਪੀ ਨੂੰ ਕਹਿ ਕੇ ਇਨ੍ਹਾਂ ’ਤੇ ਪਰਚੇ ਕਰੋ ਅਤੇ ਜੇਲ੍ਹਾਂ ਵਿੱਚ ਸੁੱਟੋ। ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਜੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਉਹ ਆਪਣੇ ਹੱਕਾਂ ਲਈ ਸੰਘਰਸ਼ ਨਾ ਕਰਨ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਇਸ ਮੌਕੇ ਜਥੇਬੰਦੀ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਪੰਜਾਬ ਸਰਕਾਰ ਵੱਲੋਂ ਸੀਵਰੇਜ ਕਾਮਿਆਂ ਦੀਆਂ ਹੱਕੀ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੀਵਰੇਜ ਦੀਆਂ ਮੋਟਰਾਂ ਵੀ ਬੰਦ ਕੀਤੀਆਂ ਜਾਣਗੀਆਂ ਅਤੇ ਜਥੇਬੰਦੀ ਵੱਲੋਂ ਇਸ ਤੋਂ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ, ਜਨਰਲ ਸਕੱਤਰ ਜਗਵੀਰ ਸਿੰਘ, ਸਹਾਇਕ ਸਕੱਤਰ ਮਿਲਖਾ ਸਿੰਘ ਬਰਨਾਲਾ ਅਤੇ ਹੋਰ ਆਗੂ ਹਾਜ਼ਰ ਸਨ।