ਤਹਿਸੀਲਾਂ ’ਚੋਂ ਤਕਨੀਕੀ ਸਹਾਇਕਾਂ ਤੇ ਸੇਵਾਦਾਰਾਂ ਦੀ ਫ਼ੌਰੀ ਬਦਲੀ ਦੇ ਹੁਕਮ
ਸਰਕਾਰ ਜਾਇਦਾਦ ਦੀ ਖ਼ਰੀਦੋ-ਫਰੋਖਤ ਸਮੇਂ ਤਹਿਸੀਲ ਦਫਤਰਾਂ ਵਿੱਚੋਂ ਲੋਕਾਂ ਦੀ ਖੱਜਲ-ਖੁਆਰੀ ਤੇ ਰਿਸ਼ਵਤਖੋਰੀ ਨੂੰ ਠੱਲ੍ਹ ਪਾਉਣ ਲਈ ‘ਈਜੀ ਰਜਿਸਟਰੀ’ (ਸੌਖੀ ਰਜਿਸਟਰੀ, ਨਾ ਦੇਰੀ, ਨਾ ਰਿਸ਼ਵਤਖੋਰੀ) ਸਕੀਮ ਤਹਿਤ ਨਾਪਾਕ ਗੱਠਜੋੜ ਤੋੜਨ ਲਈ ਯਤਨ ਕਰ ਰਹੀ ਹੈ। ਸਰਕਾਰ ਦੇ ਤਹਿਸੀਲਾਂ ਵਿੱਚੋਂ ਰਜਿਸਟਰੀ ਕਲਰਕਾਂ ਨੂੰ ਤਰੁੰਤ ਬਦਲਣ ਦੇ ਹੁਕਮ ਮਗਰੋਂ ਹੁਣ ਰਜਿਸਟਰੇਸ਼ਨ ਦਫ਼ਤਰਾਂ ਵਿੱਚ ਤਾਇਨਾਤ ਤਕਨੀਕੀ ਸਹਾਇਕਾਂ ਤੇ ਸੇਵਾਦਾਰਾਂ ਦੀ ਫ਼ੌਰੀ ਬਦਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਏਡੀਸੀ ਸ੍ਰੀਮਤੀ ਚਾਰੂਮਿੱਤਾ ਨੇ ਕਿਹਾ ਕਿ ‘ਈਜੀ ਰਜਿਸਟਰੀ’ ਤਹਿਤ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਰਜਿਸਟਰੀ ਲਿਖਣ ਵਾਸਤੇ ਤਹਿਸੀਲਾਂ ਤੇ ਸਬ-ਤਹਿਸੀਲਾਂ ਵਿੱਚ ਸਹਾਇਤਾ ਡੈਸਕ ਅਤੇ ਅਮਲਾ ਤਾਇਨਾਤ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਇਹ ਸੁਵਿਧਾ ਦਾ ਲਾਭ ਲੈਣਾ ਚਾਹੀਦਾ ਹੈ। ਵਧੀਕ ਮੁੱਖ ਸਕੱਤਰ (ਮਾਲ) ਵੱਲੋਂ ਅੱਜ 7 ਅਗਸਤ ਨੂੰ ਸੂਬੇ ਦੇ ਡਿਪਟੀ ਕਮਿਸਨਰਾਂ ਨੂੰ ਤਹਿਸੀਲਾਂ ਵਿਚ ਰਜਿਸਟਰੇਸ਼ਨ ਦਫ਼ਤਰਾਂ ਵਿਚ ਤਾਇਨਾਤ ਤਕਨੀਕੀ ਸਹਾਇਕਾਂ ਤੇ ਸੇਵਾਦਾਰਾਂ ਦੀ ਫ਼ੌਰੀ ਬਦਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਸਰਕਾਰ ਵੱਲੋਂ ਤਹਿਸੀਲਾਂ ਵਿੱਚੋਂ ਰਿਸ਼ਵਤਖੋਰੀ ਖ਼ਤਮ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਤਕਨੀਕੀ ਸਹਾਇਕ ਅਤੇ ਸੇਵਾਦਾਰ ਬਹੁਤ ਲੰਬੇ ਸਮੇਂ ਤੋਂ ਇਨ੍ਹਾਂ ਦਫ਼ਤਰਾਂ ਵਿਚ ਤਾਇਨਾਤ ਹਨ। ਅਜਿਹਾ ਹੋਣ ਕਾਰਨ ਭ੍ਰਿਸ਼ਟਾਚਾਰ ਨੂੰ ਮੁਕੰਮਲ ਤੌਰ ਉੱਤੇ ਰੋਕਣ ਲਈ ਦਿੱਕਤ ਆ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪਹਿਲਾਂ ਵੱਡੇ ਸਟੇਸ਼ਨ ’ਤੇ ਤਾਇਨਾਤ ਤਕਨੀਕੀ ਸਹਾਇਕਾਂ ਨੂੰ ਮੁੜ ਵੱਡੇ ਸਟੇਸ਼ਨਾਂ ਅਤੇ ਸੇਵਾਦਾਰਾਂ ਦੀ ਮੁੜ ਤਾਇਨਾਤੀ ਸਬ ਰਜਿਸਟਰਾਰ ਤੇ ਸੰਯੁਕਤ ਸਬ ਰਜਿਸਟਰਾਰ ਦਫ਼ਤਰਾਂ ਵਿਚ ਨਾ ਕੀਤੀ ਜਾਵੇ।