ਪੰਜਾਬ ’ਚ ਜ਼ੋਰਦਾਰ ਮੀਂਹ ਦਾ ਓਰੇਂਜ ਅਲਰਟ ਜਾਰੀ
ਆਤਿਸ਼ ਗੁਪਤਾ
ਚੰਡੀਗੜ੍ਹ, 28 ਜੂਨ
ਪੰਜਾਬ ਵਿੱਚ ਮੌਨਸੂਨ ਦੀ ਆਮਦ ਮਗਰੋਂ ਸੂਬੇ ’ਚ ਵੱਖ-ਵੱਖ ਸਮੇਂ ’ਤੇ ਟੁੱਟਵਾਂ ਮੀਂਹ ਪੈ ਰਿਹਾ ਹੈ। ਅੱਜ ਵੀ ਪੰਜਾਬ ’ਚ ਕਈ ਥਾਵਾਂ ’ਤੇ ਮੀਂਹ ਪਿਆ ਹੈ, ਜਿਸ ਨੇ ਕਈ ਸ਼ਹਿਰ ਜਲ-ਥਲ ਕਰ ਦਿੱਤੇ ਹਨ ਜਦੋਂ ਕਿ ਕਈ ਸ਼ਹਿਰਾਂ ’ਚ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਰਿਹਾ ਹੈ। ਪਰ ਸ਼ਾਮ ਹੁੰਦਿਆਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੀ ਮੀਂਹ ਵਾਲੇ ਹਾਲਾਤ ਬਣ ਗਏ ਸਨ। ਇਸੇ ਦੌਰਾਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਰਾਤ 8 ਕੁ ਵਜੇ ਤੇਜ਼ ਮੀਂਹ ਪਿਆ ਹੈ। ਮੀਂਹ ਪੈਣ ਕਰਕੇ ਸਾਰਾ ਸ਼ਹਿਰ ਜਲ-ਥਲ ਹੋ ਗਿਆ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਮੌਸਮ ਵਿਗਿਆਨੀਆਂ ਨੇ 29 ਜੂਨ ਨੂੰ ਪੰਜਾਬ ਵਿੱਚ ਜ਼ੋਰਦਾਰ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਲਈ ਮੌਸਮ ਵਿਭਾਗ ਨੇ ਓਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਹਾਲਾਂਕਿ ਅਗਲੇ ਤਿੰਨ-ਚਾਰ ਦਿਨ ਪੰਜਾਬ ਵਿੱਚ ਟੁੱਟਵਾਂ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਮੀਂਹ ਪੈਣ ਨਾਲ ਹੀ ਆਮ ਲੋਕਾਂ ਤੋਂ ਇਲਾਵਾ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ। ਇਹ ਮੀਂਹ ਝੋਨੇ ਤੇ ਸਬਜ਼ੀ ਦੀਆਂ ਫ਼ਸਲਾਂ ਲਈ ਵੀ ਲਾਹੇਵੰਦ ਮੰਨਿਆ ਜਾ ਰਿਹਾ ਹੈ। ਮੀਂਹ ਕਰਕੇ ਤਾਪਮਾਨ ’ਚ ਮਾਮੂਲੀ ਗਿਰਾਵਟ ਵੀ ਆਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ, ਅੰਮ੍ਰਿਤਸਰ ’ਚ 35.9 ਡਿਗਰੀ, ਲੁਧਿਆਣਾ ਵਿੱਚ 35.5 ਡਿਗਰੀ, ਪਟਿਆਲਾ ’ਚ 35 ਡਿਗਰੀ, ਪਠਾਨਕੋਟ ’ਚ 35.2 ਡਿਗਰੀ, ਬਠਿੰਡਾ ’ਚ 38.6 ਡਿਗਰੀ, ਗੁਰਦਾਸਪੁਰ ’ਚ 34 ਡਿਗਰੀ, ਨਵਾਂ ਸ਼ਹਿਰ ’ਚ 33.8 ਡਿਗਰੀ, ਫਤਹਿਗੜ੍ਹ ਸਾਹਿਬ ’ਚ 33.8 ਡਿਗਰੀ, ਫਾਜ਼ਿਲਕਾ ’ਚ 37.9 ਡਿਗਰੀ, ਫਿਰੋਜ਼ਪੁਰ ’ਚ 36 ਡਿਗਰੀ, ਹੁਸ਼ਿਆਰਪੁਰ ’ਚ 34.1 ਡਿਗਰੀ, ਜਲੰਧਰ ’ਚ 35.5 ਡਿਗਰੀ, ਮੋਗਾ ’ਚ 33.9 ਡਿਗਰੀ, ਮੁਹਾਲੀ ’ਚ 33.3 ਡਿਗਰੀ, ਰੋਪੜ ’ਚ 32.5 ਡਿਗਰੀ ਤ ਸੰਗਰੂਰ ’ਚ 35.4 ਡਿਗਰੀ ਦਰਜ ਕੀਤਾ ਹੈ।
ਫਿਰੋਜ਼ਪੁਰ ’ਚ 64.5 ਤੇ ਮੋਗਾ ’ਚ 32 ਐੱਮਐੱਮ ਮੀਂਹ ਪਿਆ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ’ਚ ਚੰਡੀਗੜ੍ਹ, ਲੁਧਿਆਣਾ, ਜਲੰਧਰ, ਪਠਾਨਕੋਟ, ਫਿਰੋਜ਼ਪੁਰ, ਮੋਗਾ ਤੇ ਹੋਰਨਾਂ ਕਈ ਇਲਾਕਿਆਂ ’ਚ ਮੀਂਹ ਪਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਚੰਡੀਗੜ੍ਹ ’ਚ 34.1 ਐੱਮਐੱਮ, ਲੁਧਿਆਣਾ ’ਚ 0.5 ਐੱਮਐੱਮ, ਪਟਿਆਲਾ ’ਚ 2 ਐੱਮਐੱਮ, ਪਠਾਨਕੋਟ ਵਿੱਚ 7 ਐੱਮਐੱਮ, ਫਤਹਿਗੜ੍ਹ ਸਾਹਿਬ ਵਿੱਚ ਇਕ ਐੱਮਐੱਮ, ਫਿਰੋਜ਼ਪੁਰ ’ਚ 64.5 ਐੱਮਐੱਮ, ਮੋਗਾ ’ਚ 32 ਐੱਮਐੱਮ, ਰੋਪੜ ’ਚ 9 ਐੱਮਐੱਮ ਮੀਂਹ ਪਿਆ ਹੈ।
ਬਿਜਲੀ ਦੀ ਮੰਗ 16,818 ਮੈਗਾਵਾਟ ’ਤੇ ਪਹੁੰਚੀ
ਪੰਜਾਬ ਵਿੱਚ ਅੱਜ ਜ਼ਿਆਦਾਤਰ ਸ਼ਹਿਰਾਂ ਵਿੱਚ ਹੁੰਮਸ ਭਰੀ ਗਰਮੀ ਕਾਰਨ ਬਿਜਲੀ ਦੀ ਮੰਗ ਵੀ 16,818 ਮੈਗਾਵਾਟ ’ਤੇ ਪਹੁੰਚ ਗਈ ਹੈ। ਜੋ ਕਿ ਰਿਕਾਰਡ ਡਿਮਾਂਡ ਦੇ ਬੇਹੱਦ ਨੇੜੇ ਹੈ। ਪੰਜਾਬ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 11 ਜੂਨ ਨੂੰ 16,838 ਮੈਗਾਵਾਟ ਦਰਜ ਕੀਤੀ ਗਈ ਸੀ। ਅੱਜ ਸੂਬੇ ਵਿੱਚ ਬਿਜਲੀ ਦੀ ਮੰਗ ਵਧਣ ਕਰਕੇ ਨਿੱਜੀ ਤੇ ਸਰਕਾਰੀ ਖੇਤਰ ਦੇ ਪੰਜ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਚੱਲ ਰਹੇ ਸਨ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਨਾ ਪਿਆ ਤਾਂ ਇਹ ਮੰਗ ਹੋਰ ਵਧ ਸਕਦੀ ਹੈ।