ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਸੂਬੇ ਵਿੱਚ ਹੜ੍ਹਾਂ ਦੇ ਹਾਲਾਤ ਗੰਭੀਰ ਕਰ ਦਿੱਤੇ ਹਨ। ਅੱਜ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਹੈ, ਜਿਸ ਕਾਰਨ ਉੱਥੇ ਹਾਲਾਤ ਹੋਰ ਗੰਭੀਰ ਬਣ ਗਏ ਹਨ। ਮੀਂਹ ਕਰ ਕੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਮੀਂਹ ਨੇ ਜਲ-ਥਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਤਿੰਨ ਸਤੰਬਰ ਨੂੰ ਵੀ ਪੰਜਾਬ ਦੇ ਇਕ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਤਿੰਨ ਸਤੰਬਰ ਨੂੰ ਪਠਾਨਕੋਟ ਤੇ ਗੁਰਦਾਸਪੁਰ ਵਿੱਚ ਭਾਰੀ ਮੀਂਹ ਪੈਣ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਜਲੰਧਰ, ਰੂਪਨਗਰ, ਲੁਧਿਆਣਾ, ਫਤਹਿਗੜ੍ਹ ਸਾਹਿਬ ’ਚ ਯੈਲੋ ਅਲਰਟ ਜਾਰੀ ਕੀਤਾ ਹੈ।