ਕੋਟਕਪੂਰਾ ’ਚ ਅਕਾਲੀ ਦਲ ਦੇ ਉਮੀਦਵਾਰ ਦਾ ਵਿਰੋਧ
ਬਹਿਬਲ ਗੋਲੀ ਕਾਂਡ ਲੲੀ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਦਾ ਪੱਖ ਪੂਰਨ ਦੇ ਦੋਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀ ਕਾਂਡ ਨੂੰ ਕਥਿਤ ਤੌਰ ’ਤੇ ਜਾਇਜ਼ ਠਹਿਰਾਉਣ ਅਤੇ ਪੁਲੀਸ ਦੀ ਕਾਰਵਾਈ ਨੂੰ ਸਹੀ ਦੱਸਣ ਵਾਲੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਟਕਪੂਰਾ (ਪੱਕਾ ਜ਼ੋਨ) ਤੋਂ ਜ਼ਿਲ੍ਹਾ ਪਰਿਸ਼ਦ ਚੋਣ ਲਈ ਉਮੀਦਵਾਰ ਐਲਾਨਣ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਪੀੜਤਾਂ ਨੇ ਉਮੀਦਵਾਰ ਖ਼ਿਲਾਫ਼ ਬੈਨਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਬਹਿਬਲ ਗੋਲੀ ਕਾਂਡ ਵਿੱਚ ਜਾਨ ਗੁਆਉਣ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਿਰਮਲ ਸਿੰਘ ਸੰਘਾ ਨੂੰ ਕੋਟਕਪੂਰਾ ਦੇ ਪੱਕਾ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦਾ ਉਮੀਦਵਾਰ ਐਲਾਨਿਆ ਹੈ। ਨਿਰਮਲ ਸਿੰਘ ਸੰਘਾ ਸ਼ਰੇਆਮ ਬਹਿਬਲ ਗੋਲੀ ਕਾਂਡ ਲਈ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਹੱਕ ਵਿੱਚ ਭੁਗਤਦੇ ਰਹੇ ਹਨ ਅਤੇ ਕੋਟਕਪੂਰਾ ਕਾਂਡ ਨੂੰ ਸਹੀ ਠਹਿਰਾਉਂਦੇ ਰਹੇ ਹਨ। ਸੁਖਰਾਜ ਸਿੰਘ ਨੇ ਇਸ ਸਬੰਧੀ ਬਕਾਇਦਾ ਆਡੀਓ ਅਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਬਹਿਬਲ ਵਿੱਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਇਸ ਆਗੂ ਵੱਲੋਂ ਕਥਿਤ ਤੌਰ ’ਤੇ ‘ਸ਼ਰਾਰਤੀ’ ਕਿਹਾ ਗਿਆ ਸੀ। ਅਕਾਲੀ ਦਲ ਨੇ ਵਿਵਾਦਾਂ ਵਿੱਚ ਘਿਰੇ ਵਿਅਕਤੀ ਨੂੰ ਆਪਣਾ ਉਮੀਦਵਾਰ ਬਣਾ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਜਾਣਕਾਰੀ ਅਨੁਸਾਰ ਬੇਅਦਬੀ ਦਾ ਮਾਮਲਾ ਕਾਫ਼ੀ ਭਖਿਆ ਹੋਇਆ ਹੈ।
ਦੋਸ਼ ਗ਼ਲਤ ਤੇ ਬੇਬੁਨਿਆਦ: ਸੰਘਾ
ਨਿਰਮਲ ਸਿੰਘ ਸੰਘਾ ਨੇ ਕਿਹਾ ਕਿ ਉਹ ਸਿੱਖ ਹਨ ਅਤੇ ਉਸ ਖ਼ਿਲਾਫ਼ ਗ਼ਲਤ ਅਤੇ ਬੇਬੁਨਿਆਦ ਦੋਸ਼ ਲਾ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੇ ਬਿਆਨਾਂ ਨੂੰ ਗ਼ਲਤ ਰੰਗਤ ਦਿੱਤੀ ਜਾ ਰਹੀ ਹੈ।

