DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਰੋਧੀ ਪਾਰਟੀਆਂ ਦਾ ਮੁਕਾਬਲਾ ਸਾਡੇ ਨਾਲ ਨਹੀਂ ‘ਨੋਟਾ’ ਨਾਲ: ਭਗਵੰਤ ਮਾਨ

ਗਗਨਦੀਪ ਅਰੋੜਾ/ਜਸਬੀਰ ਸਿੰਘ ਚਾਨਾ ਲੁਧਿਆਣਾ/ ਫਗਵਾੜਾ, 2 ਮਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਸਾਹਨੇਵਾਲ (ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ) ਅਤੇ ਫਗਵਾੜਾ (ਹਲਕਾ ਹੁਸ਼ਿਆਰਪੁਰ) ਵਿਚ ਰੋਡ ਸ਼ੋਅ ਕਰ ਕੇ...

  • fb
  • twitter
  • whatsapp
  • whatsapp
featured-img featured-img
‘ਆਪ’ ਦੇ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਿਸੰਘ ਜੀਪੀ ਦੇ ਹੱਕ ’ਚ ਰੋਡ ਸ਼ੋਅ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ/ਜਸਬੀਰ ਸਿੰਘ ਚਾਨਾ

ਲੁਧਿਆਣਾ/ ਫਗਵਾੜਾ, 2 ਮਈ

Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਸਾਹਨੇਵਾਲ (ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ) ਅਤੇ ਫਗਵਾੜਾ (ਹਲਕਾ ਹੁਸ਼ਿਆਰਪੁਰ) ਵਿਚ ਰੋਡ ਸ਼ੋਅ ਕਰ ਕੇ ਚੋਣ ਪ੍ਰਚਾਰ ਕੀਤਾ। ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਅਤੇ ਹੁਸ਼ਿਆਰਪੁਰ ਹਲਕੇ ਤੋਂ ਡਾ. ਰਾਜ ਕੁਮਾਰ ਚੱਬੇਵਾਲ ‘ਆਪ’ ਦੇ ਉਮੀਦਵਾਰ ਹਨ।

ਸਾਹਨੇਵਾਲ ਵਿੱਚ ਰੋਡ ਸ਼ੋਅ ਦੌਰਾਨ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਮੁੱਖ ਵਿਰੋਧੀ ਪਾਰਟੀਆਂ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦਾ ਮੁਕਾਬਲਾ ‘ਆਪ’ ਨਾਲ ਨਹੀਂ ਹੈ ਸਗੋਂ ਉਹ ‘ਨੋਟਾ’ ਨਾਲ ਮੁਕਾਬਲਾ ਕਰਨਗੀਆਂ। ਉਨ੍ਹਾਂ ਰਵਨੀਤ ਬਿੱਟੂ ਬਾਰੇ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ‘ਮੈਂ ਇੱਥੇ ਕਿਸੇ ਨੂੰ ਜਿਤਾਉਣ ਨਹੀਂ ਆਇਆ। ਮੇਰਾ ਟੀਚਾ 13-0 ਨਾਲ ਜਿੱਤਣਾ ਹੈ। ਬਿੱਟੂ ਚੌਥੇ ਜਾਂ ਪੰਜਵੇਂ ਨੰਬਰ ’ਤੇ ਆਉਣ ਦੀ ਤਿਆਰੀ ਕਰਨ।’ ਉਨ੍ਹਾਂ ਕਿਹਾ, ‘ਇਹ ਖ਼ਬਰ ਕਿ ਰਵਨੀਤ ਬਿੱਟੂ ਮੇਰੇ ਦੋਸਤ ਹਨ, ਇਸ ਲਈ ਮੈਂ ਉਨ੍ਹਾਂ ਨੂੰ ਜਿਤਾਉਣ ਵਿਚ ਮਦਦ ਕਰਾਂਗਾ ਪੂਰੀ ਤਰ੍ਹਾਂ ਫ਼ਰਜ਼ੀ ਹੈ’। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਅਸੀਂ ਪੰਜਾਬ ਦੇ ਲੋਕਾਂ ਤੋਂ ਪਿਛਲੇ ਦੋ ਸਾਲਾਂ ਦੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਾਂ। ਅਸੀਂ ਪਿਛਲੇ ਦੋ ਸਾਲਾਂ ਦੌਰਾਨ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। 90 ਫੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਕਿਸਾਨਾਂ ਨੂੰ ਬਿਨਾਂ ਕੱਟ ਦਿਨ ਵੇਲੇ ਸਿੰਜਾਈ ਲਈ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।... ਇਸ ਤੋਂ ਇਲਾਵਾ 850 ਦੇ ਕਰੀਬ ਮੁਹੱਲਾ ਕਲੀਨਿਕ ਬਣਾਏ, ਜਿਨ੍ਹਾਂ ਵਿੱਚ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰ ਨੇ ਸੂਬੇ ਵਿੱਚ 14 ਟੋਲ ਪਲਾਜ਼ੇ ਬੰਦ ਕੀਤੇ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਹਰ ਰੋਜ਼ 60 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਰੋਡ ਸੇਫ਼ਟੀ ਫੋਰਸ ਬਣਾਈ। ਕਈ ਅਜਿਹੇ ਕੰਮ ਵੀ ਕੀਤੇ, ਜਿਨ੍ਹਾਂ ਦੀ ਅਸੀਂ ਕੋਈ ਗਾਰੰਟੀ ਵੀ ਨਹੀਂ ਸੀ ਦਿੱਤੀ।’ ਉਨ੍ਹਾਂ ਭਾਜਪਾ-ਕਾਂਗਰਸ ਅਤੇ ਅਕਾਲੀ ਦਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਮੁਕਾਬਲਾ ‘ਆਪ’ ਨਾਲ ਨਹੀਂ ‘ਨੋਟਾ’ ਨਾਲ ਹੈ, ਜਦੋਂਕਿ ‘ਆਪ’ ਦਾ ਮੁਕਾਬਲਾ ਮਹਿੰਗਾਈ, ਗ਼ਰੀਬੀ ਅਤੇ ਬੇਰੁਜ਼ਗਾਰੀ ਨਾਲ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਤਰੱਕੀ ਲਈ ਦਿਨ ਰਾਤ ਇੱਕ ਕਰ ਰਹੇ ਹਾਂ। ਮਾਨ ਨੇ ਫਗਵਾੜਾ ਵਿਚ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਡਾ. ਚੱਬੇਵਾਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਗੋਲ ਚੌਕ ਤੋਂ ਸ਼ੁਰੂ ਹੋ ਕੇ ਭਗਵੰਤ ਮਾਨ ਦਾ ਰੋਡ ਸ਼ੋਅ ਰੇਲਵੇ ਰੋਡ, ਬੰਗਾ ਰੋਡ, ਗਾਂਧੀ ਚੌਕ, ਲੋਹ ਮੰਡੀ ਤੋਂ ਹੁੰਦਾ ਹੋਇਆ ਮੁੜ ਗੋਲ ਚੌਕ ਪੁੱਜਿਆ। ਗਾਂਧੀ ਚੌਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਚਾਰ ਜੂਨ ਦੇ ਨਤੀਜਿਆਂ ਮਗਰੋਂ ‘ਆਪ’ ਵੱਲੋਂ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਦਿਆਂ ਮਾਨ ਨੇ ਕਿਹਾ ਕਿ ਨਤੀਜੇ ਮਗਰੋਂ ਜੇ ਪੰਜਾਬ ਨੂੰ ‘ਸੋਨੇ ਦੀ ਚਿੜੀ ਨਾ ਬਣਾ ਸਕਿਆ ਤਾਂ ਮੈਨੂੰ ਨੀਵੇਂ ਥਾਂ ਬੈਠਣਾ ਮਨਜ਼ੂਰ ਹੋਵੇਗਾ’। ਡਾ. ਚੱਬੇਵਾਲ ਨੂੰ ਗਰੀਬ ਘਰ ਦਾ ਨੌਜਵਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਗਰੀਬੀ ਆਪਣੇ ਪਿੰਡੇ ’ਤੇ ਹੰਢਾਈ ਹੈ। ਇਸ ਮੌਕੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਉਮੀਦਵਾਰ ਚੱਬੇਵਾਲ ਵੀ ਮਾਨ ਦੀ ਜੀਪ ’ਤੇ ਸਵਾਰ ਸਨ।

ਮੁੱਖ ਮੰਤਰੀ ਦਾ ਰੋਡ ਸ਼ੋਅ ਬਣਿਆ ਸਰਕਾਰੀ ਸ਼ੋਅ

ਫਗਵਾੜਾ ’ਚ ਰਾਜਕੁਮਾਰ ਚੱਬੇਵਾਲ ਦੇ ਹੱਕ ’ਚ ਰੋਡ ਸ਼ੋਅ ਕਰਦੇ ਹੋਏ ਭਗਵੰਤ ਮਾਨ। -ਫੋਟੋ: ਮਲਕੀਅਤ ਿਸੰਘ

ਫਗਵਾੜਾ (ਪੱਤਰ ਪ੍ਰੇਰਕ): ਰੋਡ ਸ਼ੋਅ ਦੌਰਾਨ ਸਾਰੇ ਰਸਤਿਆਂ ’ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣ ਕਾਰਨ ਬਾਜ਼ਾਰਾਂ ਵਿੱਚੋਂ ਰੌਣਕਾਂ ਗਾਇਬ ਰਹੀਆਂ ਅਤੇ ਦੁਕਾਨਦਾਰ ਪ੍ਰੇਸ਼ਾਨ ਰਹੇ। ਇਸ ਦੌਰਾਨ ‘ਆਪ’ ਵਰਕਰਾਂ ਤੋਂ ਵੱਧ ਪੁਲੀਸ ਕਰਮਚਾਰੀ ਦਿਖਾਈ ਦੇ ਰਹੇ ਸਨ। ਇਸ ਦੌਰਾਨ ਸਥਾਨਕ ਆਗੂਆਂ ਤੋਂ ਮੁੱਖ ਮੰਤਰੀ ਨੇ ਦੂਰੀ ਬਣਾ ਕੇ ਰੱਖੀ। ਮੁੱਖ ਮੰਤਰੀ ਦੇ ਕਾਫ਼ਲੇ ਨਾਲ ਚੱਲ ਰਹੀ ਐਬੂਲੈਂਸ ਨੂੰ ਕਈ ਵਾਰ ਧੱਕੇ ਲਾਉਣੇ ਪਏ। ਇਸ ਦੌਰਾਨ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਆਉਣ ਵਾਲੇ ਅਨੇਕਾਂ ਯੂਨੀਅਨਾਂ ਦੇ ਆਗੂਆਂ ਨੂੰ ਪੁਲੀਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ।

Advertisement
×