ਮਜੀਠੀਆ ਦੀ ਅਰਜ਼ੀ ਰੱਦ ਹੋਣ ’ਤੇ ਵਿਰੋਧੀਆਂ ਨੂੰ ਮਿਲਿਆ ਕਰਾਰਾ ਜਵਾਬ: ‘ਆਪ’
‘ਵਿਜੀਲੈਂਸ ਨੇ ਸਿਆਸੀ ਬਦਲਾਖੋਰੀ ਨਹੀਂ, ਸਬੂਤਾਂ ਦੇ ਅਧਾਰ ’ਤੇ ਕੀਤੀ ਕਾਰਵਾਈ’
ਆਮ ਆਦਮੀ ਪਾਰਟੀ (ਆਪ) ਨੇ ਮੁਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ’ਤੇ ਤਿੱਖਾ ਹਮਲਾ ਕੀਤਾ ਹੈ।
‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਵਿਜੀਲੈਂਸ ਬਿਊਰੋ ਨੇ ਠੋਸ ਸਬੂਤਾਂ ਦੇ ਅਧਾਰ ’ਤੇ ਕਾਰਵਾਈ ਕੀਤੀ ਹੈ, ਨਾ ਕਿ ਸਿਆਸੀ ਬਦਲਾਖੋਰੀ ਦੇ ਆਧਾਰ ’ਤੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਦਾ ਪਸਾਰ ਹੋਇਆ ਹੈ। ‘ਆਪ’ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕੀਤੀ ਹੈ, ਜਿਸ ਕਰਕੇ ਪੰਜਾਬ ਵਿੱਚ ਨਸ਼ਿਆਂ ਦਾ ਪਸਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫੈਸਲਾ ਮਾਨ ਸਰਕਾਰ ਦੀ ਵੱਡੀ ਜਿੱਤ ਹੈ ਅਤੇ ‘ਆਪ’ ’ਤੇ ਬਦਲੇ ਦੀ ਰਾਜਨੀਤੀ ਦਾ ਦੋਸ਼ ਲਗਾਉਣ ਵਾਲਿਆਂ ਨੂੰ ਕਰਾਰਾ ਜਵਾਬ ਹੈ।
‘ਸੱਤਾ ਦੀ ਹਵਾਲਗੀ ਨਾਲ ਆਵੇਗਾ ਰਾਜਨੀਤਿਕ ਭੂਚਾਲ’
ਸ੍ਰੀ ਧਾਲੀਵਾਲ ਨੇ ਕਿਹਾ ਕਿ ਇੰਟਰਪੋਲ ਪਹਿਲਾਂ ਹੀ ‘ਸੱਤਾ’ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕਰ ਚੁੱਕਾ ਹੈ ਅਤੇ ਭਾਰਤ ਸਰਕਾਰ ਕੈਨੇਡਾ ਨਾਲ ਆਪਣੇ ਸਬੰਧਾਂ ਰਾਹੀਂ ਉਸ ਨੂੰ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਸੱਤਾ ਦੇ ਪੰਜਾਬ ਵਾਪਸ ਆਉਣ ਤੋਂ ਬਾਅਦ ਇੱਕ ਵੱਡਾ ਰਾਜਨੀਤਿਕ ਭੂਚਾਲ ਆਵੇਗਾ। ਉਸ ਦੇ ਖੁਲਾਸੇ ਸਿਆਸਤਦਾਨਾਂ ਦੇ ਡਰੱਗ ਮਾਫੀਆ ਨਾਲ ਡੂੰਘੇ ਸਬੰਧਾਂ ਨੂੰ ਬੇਨਕਾਬ ਕਰਨਗੇ।

