DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਿੱਤ ਦਿਵਾਉਣ ਵਾਲੇ ਪੁਰਾਣੇ ਸਾਥੀ ਹੀ ਬਿੱਟੂ ਨੂੰ ਦੇਣਗੇ ਟੱਕਰ

ਗਗਨਦੀਪ ਅਰੋੜਾ ਲੁਧਿਆਣਾ, 21 ਮਾਰਚ ਇੱਥੇ 2019 ਵਿੱਚ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ ਸਨ, ਇਸ ਵਾਰ ਉਹੀ ਬਿੱਟੂ ਦੇ ਚੋਣ ਜਿੱਤਣ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਅਟਕਾਉਣਗੇ।...
  • fb
  • twitter
  • whatsapp
  • whatsapp
Advertisement

ਗਗਨਦੀਪ ਅਰੋੜਾ

ਲੁਧਿਆਣਾ, 21 ਮਾਰਚ

Advertisement

ਇੱਥੇ 2019 ਵਿੱਚ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ ਸਨ, ਇਸ ਵਾਰ ਉਹੀ ਬਿੱਟੂ ਦੇ ਚੋਣ ਜਿੱਤਣ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਅਟਕਾਉਣਗੇ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੁਧਿਆਣਾ ਲੋਕ ਸਭਾ ਹਲਕੇ ਦੀਆਂ 9 ਵਿਧਾਨ ਸਭਾ ਸੀਟਾਂ ’ਚੋਂ 5 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ’ਤੇ ਮੌਜੂਦਾ ਵਿਧਾਇਕ ਪੁਰਾਣੇ ਕਾਂਗਰਸੀ ਹਨ, ਜੋ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ। ਇਹ ਸਾਰੇ ਵਿਧਾਇਕ ਬਿੱਟੂ ਖਿਲਾਫ਼ 2 ਸਾਲਾਂ ਤੋਂ ਮੋਰਚਾ ਖੋਲ੍ਹ ਕੇ ਬੈਠੇ ਹੋਏ ਹਨ। ਹਰ ਥਾਂ ਬਿੱਟੂ ਦਾ ਵਿਰੋਧ ਕਰ ਰਹੇ ਹਨ ਕਿ ਉਨ੍ਹਾਂ ਨੇ 10 ਸਾਲ ’ਚ ਲੁਧਿਆਣਾ ਲਈ ਕੋਈ ਕੰਮ ਨਹੀਂ ਕੀਤਾ। ਇਸ ਵਾਰ ਕਾਂਗਰਸ ਵੱਲੋਂ ਸੰਭਾਵੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਜਿੱਤ ਲਈ ਇਹ ਰਸਤਾ ਸੌਖਾ ਨਹੀਂ ਹੈ। ਹਾਲਾਂਕਿ ਹਾਲੇ ਤੱਕ ਇੱਥੋਂ ਕਿਸੇ ਵੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਕਾਂਗਰਸ ਵੱਲੋਂ ਵੀ ਕੋਈ ਵੱਡਾ ਦਾਅਵੇਦਾਰ ਟਿਕਟ ਲਈ ਨਹੀਂ ਉਠਿਆ, ਜਿਸ ਕਾਰਨ ਬਿੱਟੂ ਨੂੰ ਹੀ ਉਮੀਦਵਾਰ ਮੰਨਿਆ ਜਾ ਰਿਹਾ ਹੈ।

ਬਿੱਟੂ ਦੇ ਕਿਸੇ ਸਮੇਂ ਸਭ ਤੋਂ ਨਜ਼ਦੀਕੀ ਸਾਥੀਆਂ ’ਚ ਰਹੇ ਗੁਰਪ੍ਰੀਤ ਬੱਸੀ ਗੋਗੀ ਇਸ ਸਮੇਂ ਸਭ ਤੋਂ ਤਕੜੇ ਵਿਰੋਧੀ ਹਨ, ਹਲਕਾ ਆਤਮ ਨਗਰ ਤੋਂ ਕੁਲਵੰਤ ਸਿੰਘ, ਹਲਕਾ ਕੇਂਦਰੀ ਤੋਂ ਅਸ਼ੋਕ ਪਰਾਸ਼ਰ ਪੱਪੀ ਵੀ ਲੋਕ ਸਭਾ ਮੈਂਬਰ ਬਿੱਟੂ ਖਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ। 2019 ’ਚ ਆਪ ਨੂੰ ਛੱਡ ਕੇ ਕਾਂਗਰਸ ’ਚ ਗਏ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ,‘ਆਪ’ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਬਿੱਟੂ ਦੇ ਵਿਰੋਧੀ ਹਨ। ਕਾਂਗਰਸ ਦੇ 2 ਵਾਰ ਉਮੀਦਵਾਰ ਰਹੇ ਕਮਲਜੀਤ ਸਿੰਘ ਕੜਵਲ ਇਸ ਸਮੇਂ ਭਾਜਪਾ ’ਚ ਹਨ ਤੇ ਉਹ ਵੀ ਬਿੱਟੂ ਦੇ ਵਿਰੋਧ ’ਚ ਪ੍ਰਚਾਰ ਕਰਨਗੇ।

Advertisement
×