ਅਕਾਲੀ ਦਲ ਹੀ ਪੰਜਾਬ ਦੇ ਮਸਲੇ ਹੱਲ ਕਰ ਸਕਦੈ: ਸੁਖਬੀਰ ਬਾਦਲ
ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ’ਚ ਪ੍ਰਚਾਰ; ਹੜ੍ਹਾਂ ਕਾਰਨ ‘ਆਪ’ ਸਰਕਾਰ ’ਤੇ ਸੇਧੇ ਨਿਸ਼ਾਨੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨ ਤਾਰਨ ਹਲਕੇ ਤੋਂ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਰੈਲੀ ਕੀਤੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ਼ ਅਕਾਲੀ ਦਲ ਹੀ ਸੂਬੇ ਦੇ ਮਸਲਿਆਂ ਨੂੰ ਹੱਲ ਕਰ ਸਕਦਾ ਹੈ। ਉਨ੍ਹਾਂ ਕਾਂਗਰਸ ਤੇ ‘ਆਪ’ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਪੰਜਾਬੀਆਂ ਨੂੰ ਵਾਰ-ਵਾਰ ਫੇਲ੍ਹ ਕੀਤਾ ਹੈ। ਦੂਜੇ ਪਾਸੇ ਅਕਾਲੀ ਦਲ ਨੇ ਪੰਜਾਬ ਦਾ ਵਿਕਾਸ ਕਰਵਾਇਆ ਹੈ ਤੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ। ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਤੇ ਆਟਾ ਦਾਲ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ। ਮੌਜੂਦਾ ਸਰਕਾਰ ਦੇ ਦੌਰ ਵੇਲੇ ਇਹ ਸਾਰੀਆਂ ਸਕੀਮਾਂ ਠੱਪ ਪਈਆਂ ਹਨ। ਇੱਥੇ ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਸੁਖਬੀਰ ਬਾਦਲ ਨੇ ਬੀਬੀ ਰੰਧਾਵਾ ਵੱਲੋਂ ਸਿੱਖਿਆ ਅਤੇ ਸਮਾਜ ਭਲਾਈ ਦੇ ਖੇਤਰਾਂ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਰੰਧਾਵਾ ਦੀ ਦਿਲੋਂ ਹਮਾਇਤ ਕਰਨ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਹਾਲ ਹੀ ’ਚ ਆਏ ਹੜ੍ਹਾਂ ਨੂੰ ਲੈ ਕੇ ਵੀ ‘ਆਪ’ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮੌਨਸੂਨ ਤੋਂ ਪਹਿਲਾਂ ਹੜ੍ਹ ਰੋਕਥਾਮ ਕਾਰਜ ਕਰਨ ਸਬੰਧੀ ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਸਮੇਂ ਸਿਰ ਕੇਂਦਰ ਨੂੰ ਸੌਂਪਣ ਵਿੱਚ ਨਾਕਾਮ ਰਹੀ, ਸਰਕਾਰ ਦੀ ਇਹ ਨਾਕਾਮੀ ਕਿਸਾਨਾਂ ਨੂੰ ਮਹਿੰਗੀ ਪਈ ਹੈ। ਉਨ੍ਹਾਂ ਇਸ ਕਾਰਵਾਈ ਨੂੰ ‘ਨਲਾਇਕੀ’ ਕਰਾਰ ਦਿੱਤਾ, ਜਿਸ ਕਾਰਨ ਪਹਿਲਾਂ ਬੰਨ੍ਹਾਂ ਦੀ ਮਜ਼ਬੂਤੀ ਨਹੀਂ ਕੀਤੀ ਜਾ ਸਕੀ ਤੇ ਫਿਰ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਪ੍ਰਾਪਤ ਕਰਨ ਤੋਂ ਰੋਕਿਆ ਗਿਆ। ਇੱਥੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਸੁਖਬੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੜ੍ਹਾਂ ਤੋਂ ਹੋਏ ਨੁਕਸਾਨ ਦੀ ਵਿਸਥਾਰਿਤ ਰਿਪੋਰਟ ਨਾ ਸੌਂਪਣ ਕਾਰਨ ਹੀ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਮਿਲਣ ਵਿੱਚ ਦੇਰੀ ਹੋ ਰਹੀ ਹੈ।
ਸੁਖਪਾਲ ਨੰਨੂ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਮੁੜ ਸ਼੍ੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਸੁਖਪਾਲ ਨੂੰਨੂ ਵੱਲੋਂ ਮੁੜ ਸ਼੍ੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਕਾਰਨ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਵੱਡੀ ਸੱਟ ਵੱਜੀ ਹੈ ਅਤੇ ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਮਜ਼ਬੂਤ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਨੰਨੂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।