ਆਨਲਾਈਨ ਸੱਟੇਬਾਜ਼ੀ: ਪ੍ਰਕਾਸ਼ ਰਾਜ, ਰਾਣਾ ਡੱਗੂਬਾਤੀ ਸਣੇ 29 ਖ਼ਿਲਾਫ਼ ਕੇਸ
ਹੈਦਰਾਬਾਦ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੁਝ ਆਨਲਾਈਨ ਸੱਟੇਬਾਜ਼ੀ ਮੰਚਾਂ ਖ਼ਿਲਾਫ਼ ਮਨੀ ਲਾਂਡਰਿੰਗ ਜਾਂਚ ਤਹਿਤ ਤਿਲੰਗਾਨਾ ਦੇ ਕੁਝ ਸੋਸ਼ਲ ਮੀਡੀਆ ਇਨਫਲੂਐਂਸਰਾਂ ਤੇ ਯੂਟਿਊਬਰਾਂ ਤੋਂ ਇਲਾਵਾ ਪ੍ਰਕਾਸ਼ ਰਾਜ, ਰਾਣਾ ਡੱਗੂਬਾਤੀ, ਵਿਜੈ ਦੇਵਰਕੌਂਡਾ ਜਿਹੇ ਅਦਾਕਾਰਾਂ ਸਮੇਤ 24 ਤੋਂ ਵੱਧ ਮਸ਼ਹੂਰ ਹਸਤੀਆਂ ਦੀ ਭੂਮਿਕਾ ਦੀ ਜਾਂਚ ਲਈ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ’ਤੇ ਇਨ੍ਹਾਂ ਕਥਿਤ ਗ਼ੈਰਕਾਨੂੰਨੀ ਆਨਲਾਈਨ ਸੱਟੇਬਾਜ਼ੀ ਮੰਚਾਂ ਰਾਹੀਂ ਕਰੋੜਾਂ ਰੁਪਏ ਦੀ ਰਾਸ਼ੀ ਹਾਸਲ ਕਰਨ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਪੀਐੱਮਐੱਲਏ ਤਹਿਤ ਕੇਸ ਦਰਜ ਕਰਨ ਲਈ ਪੰਜ ਰਾਜਾਂ ਦੀ ਪੁਲੀਸ ਵੱਲੋਂ ਦਰਜ ਕੇਸਾਂ ਦਾ ਨੋਟਿਸ ਲਿਆ ਹੈ। ਈਡੀ ਵੱਲੋਂ ਦੇਵਰਕੌਂਡਾ, ਡੱਗੂਬਾਤੀ, ਮੰਚੂ ਲਕਸ਼ਮੀ, ਪ੍ਰਕਾਸ਼ ਰਾਜ, ਨਿਧੀ ਅਗਰਵਾਲ, ਪ੍ਰਨੀਤਾ ਸੁਭਾਸ਼, ਅਨੰਨਿਆ, ਟੀਵੀ ਹੋਸਟ ਸ੍ਰੀਮੁਖੀ ਤੋਂ ਇਲਾਵਾ ਸਥਾਨਕ ਸੋਸ਼ਲ ਮੀਡੀਆ ਇਨਫਲੂਐਂਸਰਾਂ ਤੇ ਯੂਟਿਊਬਰਾਂ ਸਮੇਤ ਤਕਰੀਬਨ 29 ਹਸਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਹਸਤੀਆਂ ’ਤੇ ਸੈਲੀਬ੍ਰਿਟੀ ਜਾਂ ਐਨਡੋਰਸਮੈਂਟ ਟੈਕਸ ਬਦਲੇ ਜੰਗਲੀ ਰਮੀ, ਜੀਤਵਿਨ, ਲੋਟਸ365 ਜਿਹੀਆਂ ਆਨਲਾਈਨ ਸੱਟੇਬਾਜ਼ੀ ਐਪ ਦਾ ਪ੍ਰਚਾਰ ਕਰਨ ਦਾ ਸ਼ੱਕ ਹੈ। -ਪੀਟੀਆਈ