ਨਿਸ਼ਾਨ ਸਾਹਿਬ ਦਾ ਚੋਲਾ ਬਦਲਦਿਆਂ ਲੱਗਿਆ ਕਰੰਟ, ਇਕ ਮੌਤ
ਸਮਰਾਲਾ ਰੋਡ ਦੇ ਮੁਹੱਲਾ ਧਰਮਪੁਰਾ ਸਥਿਤ ਗੁਰਦੁਆਰਾ ਹਰ ਕ੍ਰਿਸ਼ਨ ਸਾਹਿਬ ਵਿਖੇ ਸੰਗਰਾਦ ਮੌਕੇ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਬਦਲਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਚੋਲਾ ਬਦਲਦੇ ਸਮੇਂ ਪਾਈਪ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਚੋਲਾ ਬਦਲ ਰਹੇ ਚਾਰ ਲੋਕਾਂ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਗੰਭੀਰ ਫੱਟੜ ਹੋ ਗਏ। ਫੱਟੜ ਵਿਅਕਤੀਆਂ ਨੂੰ ਨੇੜੇ ਦੇ ਲੋਕਾਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ ਮਗਰੋਂ ਇਲਾਕੇ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਉੱਥੇ ਪੁੱਜੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਦਿਲਾਸਾ ਦਿੱਤਾ ਅਤੇ ਜ਼ਖਮੀਆਂ ਦਾ ਹਾਲ ਪੁੱਛਿਆ।ਥਾਣਾ ਡਿਵੀਜ਼ਨ ਤਿੰਨ ਦੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਜਾਂਚ ਤੋਂ ਬਾਅਦ ਪੁਲੀਸ ਨੇ ਟਿੱਬਾ ਰੋਡ ਦੇ ਰਹਿਣ ਵਾਲੇ ਮ੍ਰਿਤਕ ਅਸ਼ੋਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਦੋਂ ਕਿ ਰਣਵੀਰ ਸਿੰਘ, ਰਜਿੰਦਰ ਸਿੰਘ ਅਤੇ ਜਗਜੀਤ ਸਿੰਘ ਢੱਲਾ ਸੀ.ਐੱਮ.ਸੀ. ਹਸਪਤਾਲ ਵਿੱਚ ਦਾਖਲ ਹਨ। ਮ੍ਰਿਤਕ ਅਸ਼ੋਕ ਕੁਮਾਰ ਦੇ ਭਤੀਜੇ ਟਿੰਕੂ ਨੇ ਦੱਸਿਆ ਕਿ ਉਸ ਦੇ ਚਾਚਾ ਅਕਸਰ ਧਾਰਮਿਕ ਸਥਾਨਾਂ ’ਤੇ ਸੇਵਾ ਕਰਦੇ ਹਨ। ਹਰ ਸੰਗਰਾਂਦ ਵਾਲੇ ਦਿਨ ਗੁਰੂਦੁਆਰਾ ’ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਂਦਾ ਹੈ। ਮੰਗਲਵਾਰ ਸਵੇਰੇ ਵੀ ਉਸ ਦਾ ਚਾਚਾ ਆਪਣੇ ਸਾਥੀਆਂ ਨਾਲ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਿਹਾ ਸੀ। ਇਸ ਦੌਰਾਨ ਨਿਸ਼ਾਨ ਸਾਹਿਬ ਵਾਲਾ ਪਾਈਪ ਆਪਣਾ ਸੰਤੁਲਨ ਗੁਆ ਬੈਠਾ ਅਤੇ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਿਆ, ਜਿਸ ਕਾਰਨ ਚਾਰਾਂ ਨੂੰ ਬਿਜਲੀ ਦਾ ਝਟਕਾ ਲੱਗਿਆ। ਅਸ਼ੋਕ ਕੁਮਾਰ ਹੇਠਾਂ ਡਿੱਗ ਪਿਆ। ਬਿਜਲੀ ਦੇ ਕਰੰਟ ਦੀ ਆਵਾਜ਼ ਸੁਣਦੇ ਹੀ ਨੇੜੇ ਦੇ ਲੋਕ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਫੱਟੜ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਦੱਸ ਕੇ ਪੁਲੀਸ ਨੇ ਤੁਰੰਤ ਬਿਜਲੀ ਸਪਲਾਈ ਬੰਦ ਕਰ ਦਿੱਤੀ। ਬਿਜਲੀ ਦੀਆਂ ਤਰਾਂ ਨਾਲ ਲੱਗੇ ਪਾਈਪ ਨੂੰ ਉਥੋਂ ਹਟਾਇਆ ਗਿਆ। ਦੂਜੇ ਪਾਸੇ, ਥਾਣਾ ਡਿਵੀਜ਼ਨ ਤਿੰਨ ਦੇ ਐੱਸ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਸਪਤਾਲ ਵਿੱਚ ਭਰਤੀ ਜ਼ਖਮੀਆਂ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।