ਛੱਤ ਡਿੱਗਣ ਕਾਰਨ ਇੱਕ ਮੌਤ, ਦੋ ਜ਼ਖ਼ਮੀ
ਗੁਰਦੀਪ ਸਿੰਘ ਲਾਲੀ/ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ/ਸੁਨਾਮ ਉਧਮ ਸਿੰਘ ਵਾਲਾ, 29 ਜੂਨ
ਇੱਥੋਂ ਨੇੜਲੇ ਪਿੰਡ ਉੱਪਲੀ ਵਿੱਚ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਉਸ ਦੀ ਪਤਨੀ ਅਤੇ ਪੁੱਤਰ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਉਪਲੀ ਵਿੱਚ ਬੀਤੀ ਰਾਤ ਕਰਮਜੀਤ ਸਿੰਘ (55), ਉਸ ਦੀ ਪਤਨੀ ਹਰਦੀਪ ਕੌਰ ਅਤੇ ਪੁੱਤਰ ਘਰ ਦੇ ਵਿਹੜੇ ਵਿੱਚ ਸੁੱਤੇ ਹੋਏ ਸਨ।
ਤੜਕੇ ਪੰਜ ਵਜੇ ਰਸੋਈ ਦੀ ਛੱਤ ਅਤੇ ਕੰਧ ਢਹਿ ਗਈਆਂ ਅਤੇ ਵਿਹੜੇ ’ਚ ਸੁੱਤੇ ਪਰਿਵਾਰਕ ਜੀਅ ਮਲਬੇ ਦੇ ਹੇਠ ਦੱਬੇ ਹਏ। ਕਰਮਜੀਤ ਸਿੰਘ ਦੀ ਮਲਬੇ ਹੇਠਾਂ ਦੱਬੇ ਜਾਣ ਕਾਰਨ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਹਰਦੀਪ ਕੌਰ ਜ਼ਖ਼ਮੀ ਹੋ ਗਈ ਅਤੇ ਪੁੱਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਰਪੰਚ ਜੰਗੀਰ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਮਲਬਾ ਹਟਾ ਕੇ ਪਰਿਵਾਰਕ ਜੀਆਂ ਨੂੰ ਬਾਹਰ ਕੱਢਿਆ ਪਰ ਕਰਮਜੀਤ ਸਿੰਘ ਦਮ ਤੋੜ ਚੁੱਕਿਆ ਸੀ ਜਦੋਂ ਕਿ ਪਤਨੀ ਅਤੇ ਪੁੱਤਰ ਜ਼ਖਮੀ ਹੋ ਗਏ। ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ। ਥਾਣਾ ਸਦਰ ਬਾਲੀਆਂ ਅਨੁਸਾਰ ਧਾਰਾ-174 ਦੀ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਡੀਐੱਸਪੀ ਸੰਗਰੂਰ ਸੁਖਦੇਵ ਸਿੰਘ ਨੇ ਕਿਹਾ ਕਿ ਗੈਸ ਸਿਲੰਡਰ ਨਹੀਂ ਫਟਿਆ ਅਤੇ ਛੱਤ ਡਿੱਗਣ ਕਾਰਨ ਹਾਦਸਾ ਵਾਪਰਿਆ ਹੈ। ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਲਾਲੀ ਤੇ ਸਾਬਕਾ ਚੇਅਰਮੈਨ ਮੇਵਾ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ।