ਮੁਹਾਲੀ ਦੇ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਅੱਜ ਮੁਹਾਲੀ ’ਚ ਪ੍ਰੈਸ ਕਾਨਫ਼ਰੰਸ ਵਿਚ ਦੱਸਿਆ ਕਿ 4 ਨਵੰਬਰ ਨੂੰ ਨਵਾਂ ਗਾਉਂ ਤੋਂ ਪੰਜਾਬੀ ਚੈਨਲ ਦੇ ਪੱਤਰਕਾਰ ਗੁਰਪਿਆਰ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੱਤਰਕਾਰ ਦੀ ਭੈਣ ਮਨਪ੍ਰੀਤ ਕੌਰ, ਵਾਸੀ ਮਕਰੌੜ ਸਾਹਿਬ, ਥਾਣਾ ਮੂਨਕ (ਸੰਗਰੂਰ) ਦੇ ਬਿਆਨਾਂ ਉੱਤੇ ਤਿੰਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਡੀ ਜੀ ਪੀ ਦੀਆਂ ਹਦਾਇਤਾਂ ਉੱਤੇ ਪੁਲੀਸ ਵੱਲੋਂ ਤੁਰੰਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ 12 ਘੰਟੇ ਦੇ ਪੱਤਰਕਾਰ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਉਨ੍ਹਾਂ ਵਿਚ ਬਲਕਰਨ ਸਿੰਘ, ਹਰਦੀਪ ਸਿੰਘ ਅਤੇ ਜਸਕਰਨ ਸਿੰਘ ਸ਼ਾਮਲ ਹਨ।
ਇਨ੍ਹਾਂ ’ਚੋਂ ਬਲਕਰਨ ਸਿੰਘ ਵਾਸੀ ਪਿੰਡ ਰੇਖੇ ਕਲਾਂ (ਬਠਿੰਡਾ) ਕੋਟਕਪੂਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਬਾਕੀ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁੱਛ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਗੁਰਪਿਆਰ ਸਿੰਘ ਦੇ ਪਰਿਵਾਰ ਦੇ ਜ਼ਮੀਨੀ ਝਗੜੇ ਸਬੰਧੀ ਪ੍ਰਾਪਰਟੀ ਡੀਲਰਾਂ ਨਾਲ ਸਮਝੌਤਾ ਕਰਵਾਇਆ ਸੀ। ਇਸ ਦੇ ਇਵਜ਼ ਵਜੋਂ ਉਹ ਰਾਜ਼ੀਨਾਮਾ ਕਰਾਉਣ ਦੇ ਪੈਸੇ ਮੰਗਦੇ ਸਨ ਤੇ ਪੈਸੇ ਨਾ ਦੇਣ ’ਤੇ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

