ਡੇਢ ਸਾਲ ਦੀ ਬੱਚੀ ਨਾਲ ਜਬਰ-ਜਨਾਹ, ਨਾਬਾਲਗ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 5 ਜੂਨ
ਇੱਥੇ ਡੇਢ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਯੂਪੀ ਤੋਂ ਆਏ ਪਰਵਾਸੀ ਨਾਬਾਲਗ ਮੁਲਜ਼ਮ ਵਿਰੁੱਧ ਜਬਰ-ਜਨਾਹ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਨਾਬਾਲਗ ਨੂੰ ਬਾਲ ਗ੍ਰਹਿ ਭੇਜ ਦਿੱਤਾ ਹੈ। ਜਲੰਧਰ ਕਮਿਸ਼ਨਰੇਟ ਪੁਲੀਸ ਦੇ ਥਾਣਾ ਬਸਤੀ ਬਾਵਾ ਖੇਲ ਦੇ ਐੱਸਐੱਚਓ ਪਰਮਿੰਦਰ ਸਿੰਘ ਥਿੰਦ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਮੁਲਜ਼ਮ ਜਲੰਧਰ ਦੇ ਬਸਤੀ ਬਾਵਾ ਸਪੋਰਟਸ ਏਰੀਆ ਵਿੱਚ ਬਾਬਾ ਬੁੱਢਾ ਜੀ ਪੁਲ ਨੇੜੇ ਕਿਰਾਏ ’ਤੇ ਰਹਿੰਦਾ ਸੀ। ਪੀੜਤਾ ਦਾ ਪਰਿਵਾਰ ਉਸ ਦੇ ਨਾਲ ਵਾਲੇ ਕਮਰੇ ਵਿੱਚ ਕਿਰਾਏ ’ਤੇ ਰਹਿੰਦਾ ਸੀ। ਮੁਲਜ਼ਮ ਅਕਸਰ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਸੀ। ਪੀੜਤਾ ਦੀ ਮਾਂ ਨੇ ਵੀ ਉਸ ਨੂੰ ਨਾਬਾਲਗ ਹੋਣ ਕਰਕੇ ਨਹੀਂ ਰੋਕਿਆ। ਮੁਲਜ਼ਮ ਨੇ ਮੌਕਾ ਪਾ ਕੇ ਡੇਢ ਸਾਲ ਦੀ ਬੱਚੀ ਨਾਲ ਜਬਰ-ਜਨਾਹ ਕੀਤਾ ਅਤੇ ਫ਼ਰਾਰ ਹੋ ਗਿਆ। ਬੱਚੀ ਹੀ ਹਾਲਤ ਦੇਖ ਕੇ ਉਸਦੀ ਮਾਂ ਨੂੰ ਅਹਿਸਾਸ ਹੋਇਆ ਕਿ ਬੱਚੀ ਨਾਲ ਕੁਝ ਗਲਤ ਹੋਇਆ ਹੈ। ਮਾਮਲੇ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਤੇ ਬੱਚੀ ਦਾ ਡਾਕਟਰੀ ਮੁਆਇਨਾ ਕਰਵਾ ਕੇ ਬੱਚੀ ਦੀ ਮਾਂ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ। ਐੱਸਐੱਚਓ ਪਰਮਿੰਦਰ ਸਿੰਘ ਥਿੰਦ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਲਈ ਇਸ ਮਾਮਲੇ ਵਿੱਚ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।