ਰੱਖੜ ਪੁੰਨਿਆ ਮੌਕੇ ਮੁੱਖ ਮੰਤਰੀ ਗੁਰਦੁਆਰਾ ਬਾਬਾ ਬਕਾਲਾ ਵਿਖੇ ਨਤਮਸਤਕ
ਦਵਿੰਦਰ ਸਿੰਘ ਭੰਗੂ
ਰਈਆ, 30 ਅਗਸਤ
ਰੱਖੜ-ਪੁੰਨਿਆ ਮੇਲੇ ’ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਵੀਂ ਪਾਤਸ਼ਾਹੀ ਦੇ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 1.35 ’ਤੇ ਮੁੱਖ ਮੰਤਰੀ ਦਾ ਹੈਲੀਕਾਪਟਰ ਰਈਆ ਦੀ ਅਨਾਜ ਮੰਡੀ ’ਚ ਉੱਤਰਿਆ, ਜਿਥੋਂ ਉਹ ਬਾਬਾ ਬਕਾਲਾ ਸਾਹਿਬ ਲਈ ਰਵਾਨਾ ਹੋਏ। ਮੁੱਖ ਮੰਤਰੀ ਕਰੀਬ ਦਸ ਮਿੰਟ ਤੱਕ ਗੁਰਦੁਆਰੇ ਵਿੱਚ ਰਹੇ ਤੇ ਉਨ੍ਹਾਂ ਗੁਰੂ ਤੇਗ ਬਹਾਦਰ ਦੇ ਤਪ ਅਸਥਾਨ ਭੋਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਮਗਰੋਂ ਉਹ ਕਰੀਬ ਢਾਈ ਵਜੇ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਅੰਮ੍ਰਿਤਸਰ ਲਈ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਰੱਖੜੀ ਸਿਰਫ਼ ਧਾਗੇ ਦੀ ਨਹੀਂ, ਰਿਸ਼ਤਿਆਂ ਦੀ ਸਾਂਝ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਵੀ ਆਪਣੇ ਮਾਪਿਆਂ ਲਈ ਪੁੱਤਰਾਂ ਤੋਂ ਵੱਧ ਕੇ ਹਨ ਤੇ ਉਹ ਲੜਕਿਆਂ ਨਾਲੋਂ ਵੱਧ ਕੰਮ ਕਰ ਰਹੀਆਂ ਹਨ। ਅੱਜ ਦਾ ਤਿਉਹਾਰ ਭੈਣਾਂ ਦੀ ਰੱਖਿਆ ਦਾ ਪ੍ਰਣ ਲੈਣ ਦਾ ਦਿਹਾੜਾ ਹੈ। ਇਸ ਮੌਕੇ ਉਨ੍ਹਾਂ ਗੁਰਦੁਆਰਾ ਬਕਾਲਾ ਸਾਹਿਬ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਲਈ ਪੰਜਾਬ ਸਰਕਾਰ ਦਾ ਖ਼ਜ਼ਾਨਾ ਕਦੇ ਵੀ ਖਾਲੀ ਨਹੀਂ ਹੋ ਸਕਦਾ।
ਮੁੱਖ ਮੰਤਰੀ ਦੀ ਮਾਤਾ ਤੇ ਭੈਣ ਨੇ ਵੀ ਮੱਥਾ ਟੇਕਿਆ
ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਲੱਗੇ ਰੱਖੜ-ਪੁੰਨਿਆ ਦੇ ਮੇਲੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਵੀ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੇ ਤਪ ਅਸਥਾਨ ਅਤੇ ਦਰਬਾਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵੀ ਮੌਜੂਦ ਸਨ।