ਪਰਾਲੀ ਸਾੜਨ ਤੋਂ ਰੋਕਣ ਆਏ ਅਧਿਕਾਰੀ ਖੇਤਾਂ ’ਚ ਘੇਰੇ
ਪੁਲੀਸ ਵੱਲੋਂ ਕਿਸਾਨ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਭਰੋਸੇ ਮਗਰੋਂ ਛੱਡੇ
ਜੋਗਿੰਦਰ ਸਿੰਘ ਮਾਨ
ਕਿਸਾਨੀ ਸੰਘਰਸ਼ਾਂ ਨਾਲ ਜੁੜੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਿੱਚ ਪਰਾਲੀ ਨੂੰ ਅੱਗ ਲਾਉਣ ’ਤੇ ਕਿਸਾਨ ਖ਼ਿਲਾਫ਼ ਕਾਰਵਾਈ ਲਈ ਆਏ ਦੋ ਸਿਵਲ ਅਧਿਕਾਰੀਆਂ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ ਅਤੇ ਲਗਪਗ ਢਾਈ ਘੰਟੇ ਖੇਤਾਂ ਵਿੱਚ ਬਿਠਾਈਂ ਰੱਖਿਆ। ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਕਿਸਾਨ ਵਿਰੁੱਧ ਕਾਰਵਾਈ ਨਾ ਕਰਨ ਦੇ ਦਿੱਤੇ ਭਰੋਸੇ ਮਗਰੋਂ ਦੋਵਾਂ ਅਧਿਕਾਰੀਆਂ ਨੂੰ ਜਾਣ ਦਿੱਤਾ ਗਿਆ। ਅਧਿਕਾਰੀਆਂ ਦਾ ਇਹ ਘਿਰਾਓ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਹੋਇਆ।
ਕਿਸਾਨ ਦੇ ਖੇਤ ਵਿੱਚ ਲੱਗੀ ਅੱਗ ਸਬੰਧੀ ਜਾਣਕਾਰੀ ਅਧਿਕਾਰੀਆਂ ਨੂੰ ਸੈਟੇਲਾਈਟ ਰਾਹੀਂ ਮਿਲੀ। ਅਧਿਕਾਰੀ ਜਦੋਂ ਕਾਰਵਾਈ ਲਈ ਪੁਲੀਸ ਅਫ਼ਸਰਾਂ ਨੂੰ ਲੈ ਕੇ ਸਬੰਧਤ ਕਿਸਾਨ ਦੇ ਖੇਤ ਵਿੱਚ ਪੁੱਜੇ ਤਾਂ ਇਸ ਦੀ ਭਿਣਕ ਪਿੰਡ ਦੇ ਹੋਰ ਕਿਸਾਨਾਂ ਨੂੰ ਪੈ ਗਈ। ਉਨ੍ਹਾਂ ਨੇ ਫੌਰੀ ਜਥੇਬੰਦੀ ਨਾਲ ਸੰਪਰਕ ਕੀਤਾ। ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਕਿਸਾਨਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਅਧਿਕਾਰੀਆਂ ਦਾ ਘਿਰਾਓ ਕਰ ਲਿਆ। ਲੰਬਾ ਸਮਾਂ ਗੱਲਬਾਤ ਚੱਲਣ ਤੋਂ ਬਾਅਦ ਜਦੋਂ ਅਧਿਕਾਰੀਆਂ ਨੂੰ ਨਾ ਛੱਡਿਆ ਗਿਆ ਤਾਂ ਪੁਲੀਸ ਦੇ ਠੂਠਿਆਂਵਾਲੀ ਚੌਕੀ ਤੋਂ ਹੋਰ ਪੁਲੀਸ ਅਧਿਕਾਰੀ ਪੁੱਜੇ। ਮਾਮਲਾ ਹੱਲ ਨਾ ਹੋਣ ’ਤੇ ਥਾਣਾ ਸਦਰ ਮਾਨਸਾ ਦੇ ਅਧਿਕਾਰੀਆਂ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਅਤੇ ਸਬੰਧਤ ਕਿਸਾਨ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ। ਇਸ ਮਗਰੋਂ ਕਿਸਾਨਾਂ ਨੇ ਦੋਵਾਂ ਅਧਿਕਾਰੀਆਂ ਨੂੰ ਛੱਡ ਦਿੱਤਾ।
ਰਾਮ ਸਿੰਘ ਭੈਣੀਬਾਘਾ ਨੇ ਕਰਮਚਾਰੀਆਂ ਦੇ ਘਿਰਾਓ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਬੰਧਤ ਕਿਸਾਨ ਪਿਛਲੇ 12 ਦਿਨਾਂ ਤੋਂ ਖੇਤੀ ਵਿਭਾਗ ਨੂੰ ਬੇਲਰ ਦੇਣ ਦੀ ਲਗਾਤਾਰ ਬੇਨਤੀ ਕਰਦਾ ਆ ਰਿਹਾ ਸੀ। ਖੇਤੀ ਅਧਿਕਾਰੀਆਂ ’ਤੇ ਕੋਈ ਅਸਰ ਨਾ ਹੋਣ ’ਤੇ ਉਹ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋ ਗਿਆ। ਉਨ੍ਹਾਂ ਕਿਹਾ ਕਿ 12 ਦਿਨ ਕਿਸਾਨ ਦੀ ਗੱਲ ਨਹੀਂ ਸੁਣੀ ਗਈ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ 12 ਘੰਟਿਆਂ ਮਗਰੋਂ ਹੀ ਕਿਸਾਨ ਖ਼ਿਲਾਫ਼ ਕਾਰਵਾਈ ਕਰਨ ਲਈ ਅਧਿਕਾਰੀਆਂ ਨੇ ਬੜੀ ਫੁਰਤੀ ਵਿਖਾਈ।
ਇਸੇ ਦੌਰਾਨ ਜਥੇਬੰਦੀ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਬੇਲਰ ਨਾ ਦੇਣ ਦੀ ਸੂਰਤ ਵਿੱਚ ਕਾਰਵਾਈ ਕੀਤੇ ਜਾਣ ’ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਖੇਤਾਂ ਵਿੱਚ ਘਿਰਾਓ ਲਗਾਤਾਰ ਜਾਰੀ ਰੱਖਿਆ ਜਾਵੇਗਾ।

