ਸ਼੍ੋਮਣੀ ਕਮੇਟੀ ਨੂੰ ‘ਵੀਰ ਬਾਲ ਦਿਵਸ’ ਸਮਾਗਮ ’ਤੇ ਇਤਰਾਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ 12 ਦਸੰਬਰ ਨੂੰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ‘ਵੀਰ ਬਾਲ ਦਿਵਸ’ ਪ੍ਰੋਗਰਾਮ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਵਿਰੁੱਧ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ 12 ਦਸੰਬਰ ਨੂੰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ‘ਵੀਰ ਬਾਲ ਦਿਵਸ’ ਪ੍ਰੋਗਰਾਮ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਵਿਰੁੱਧ ਕਰਾਰ ਦਿੱਤਾ ਹੈ। ਸ਼੍ੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਇਹ ਨਾਂ ਦਿੱਤੇ ਜਾਣ ਦਾ ਸਖਤ ਵਿਰੋਧ ਕੀਤਾ ਜਾ ਚੁੱਕਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀਰ ਬਾਲ ਦਿਵਸ ਸਬੰਧੀ ਦਿੱਤੇ ਨਿਰਦੇਸ਼ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਉਣ ਅਤੇ ਘੱਟ ਕਰਨ ਵਾਲੇ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਗਿਆ ਨਾਲ ਜੋੜ ਕੇ ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਤੇ ਸਿੱਖ ਰਵਾਇਤਾਂ ਦੇ ਵਿਰੁੱਧ ਹੈ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮੇਂ ਕਰਵਾਏ ਕਈ ਧਾਰਮਿਕ ਸਮਾਗਮਾਂ ’ਚ ਵੀ ਮਰਿਆਦਾ ਅਤੇ ਪ੍ਰੰਪਰਾਵਾਂ ਦਾ ਉਲੰਘਣ ਕੀਤਾ ਗਿਆ, ਜਿਸ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ।
ਇਤਰਾਜ਼ਯੋਗ ਸਮਾਗਮ ਤੁਰੰਤ ਰੱਦ ਕੀਤੇ ਜਾਣ: ਗੜਗੱਜ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰ ਉੱਤੇ ਉਲੀਕੇ ਗਏ ਇਤਰਾਜ਼ਯੋਗ ਫੈਂਸੀ ਡਰੈੱਸ ਮੁਕਾਬਲਿਆਂ ਦਾ ਸਖ਼ਤ ਨੋਟਿਸ ਲੈਂਦਿਆਂ ਇਨ੍ਹਾਂ ਨੂੰ ਤੁਰੰਤ ਰੱਦ ਕਰਨ ਲਈ ਆਖਿਆ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਬਾਲ ਭਲਾਈ ਕੌਂਸਲ, ਪੰਜਾਬ ਵਿਰੁੱਧ ਲੋੜੀਂਦੀ ਕਾਰਵਾਈ ਕਰਕੇ ਉਨ੍ਹਾਂ ਵੱਲੋਂ ਉਲੀਕੇ ਇਤਰਾਜ਼ਯੋਗ ਸਮਾਗਮ ਤੁਰੰਤ ਰੱਦ ਕਰਵਾਏ ਜਾਣ।

