ਜ਼ਮੀਨ ਵਿੱਚੋ ਟਰਾਲੀਆਂ ਦਾ ਸਾਮਾਨ ਮਿਲਣ ਮਗਰੋਂ ਅੱਜ ਬਿਜਲੀ ਵਿਭਾਗ ਵੱਲੋਂ ਵੀ ਨਾਭਾ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੀ ਰਿਹਾਇਸ਼ ਵਿਖੇ ਬਿਜਲੀ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਨੇ ਦੇਖਿਆ ਕਿ ਕੋਠੀ ਵਿੱਚ ਗੈਰ-ਪ੍ਰਵਾਨਿਤ ਬਿਜਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਥੇ ਟੀਊਬਵੈੱਲ ਦੇ ਮੀਟਰ ਤੋਂ ਬਿਜਲੀ ਹੋਰ ਕੰਮਾਂ ਲਈ ਵਰਤੀ ਜਾ ਰਹੀ ਸੀ। ਉਨ੍ਹਾਂ ਵੱਲੋਂ ਅੱਜ ਕੋਠੀ ਵਿੱਚੋ ਬਿਜਲੀ ਦੀਆਂ ਤਾਰਾਂ ਵੀ ਕੱਟੀਆਂ ਗਈਆਂ ਤੇ ਵਿਭਾਗ ਇਸ ਬਾਬਤ ਜੁਰਮਾਨਾ ਵੀ ਤੈਅ ਕਰਕੇ ਭੇਜੇਗਾ।
ਜ਼ਿਕਰਯੋਗ ਹੈ ਕਿ ਕੋਠੀ ਵਿੱਚ ਘਰੇਲੂ ਇਸਤੇਮਾਲ ਲਈ ਕੋਈ ਮੀਟਰ ਨਹੀਂ ਸੀ ਤੇ ਪਿਛਲੇ ਦਿਨਾਂ ਵਿੱਚ ਕੋਠੀ ਵਿਖੇ ਵਰਕਸ਼ਾਪ ਅਤੇ ਕੌਂਸਲ ਪ੍ਰਧਾਨ ਦੇ ਪਤੀ ਮੁਨੀਸ਼ ਚਾਵਲਾ ਉਰਫ ਪੰਕਜ ਪੱਪੂ ਦਾ ਕਥਿਤ ਦਫਤਰ ਹੋਣ ਦੀਆਂ ਖਬਰਾਂ ਨਸ਼ਰ ਹੋਣ ਮਗਰੋਂ ਵਿਭਾਗ ਨੇ ਇਹ ਕਾਰਵਾਈ ਕੀਤੀ।
ਨਾਭਾ ਈਓ ਗੁਰਚਰਨ ਸਿੰਘ ਨੇ ਮੁੜ ਆਪਣਾ ਬਿਆਨ ਦੋਹਰਾਇਆ ਕਿ ਇਹ ਕੋਠੀ ਪੰਕਜ ਪੱਪੂ ਵੱਲੋਂ ਵਰਤੀ ਜਾ ਰਹੀ ਸੀ ਤੇ ਉਹ ਕਦੀ ਇਥੇ ਰਿਹਾ ਹੀ ਨਹੀਂ ਤੇ ਕੋਠੀ ਵਿੱਚ ਮੀਟਰ ਨਾ ਲੱਗੇ ਹੋਣ ਦੇ ਕਾਰਨਾਂ ਤੋਂ ਵੀ ਉਹ ਅਣਜਾਣ ਹਨ।
ਬਿਜਲੀ ਵਿਭਾਗ ਦੇ ਨਾਭਾ ਐਕਸੀਅਨ ਪਰਿਕਸ਼ਿਤ ਭਨੋਟ ਨੇ ਦੱਸਿਆ ਕਿ ਟੀਊਬਵੈੱਲ ਦਾ ਮੀਟਰ ਵੱਖਰਾ ਹੁੰਦਾ ਹੈ ਜਿਸ ’ਤੇ ਸਬਸਿਡੀ ਵਾਲੇ ਰੇਟ ਲਗਦੇ ਹਨ ਤੇ ਇਹ ਬਿਜਲੀ ਹੋਰ ਕੰਮਾਂ ਲਈ ਨਹੀਂ ਵਰਤੀ ਜਾ ਸਕਦੀ।
ਉਨ੍ਹਾਂ ਦੱਸਿਆ ਕਿ ਕੋਠੀ ਦੇ ਖਾਲੀ ਹੋਣ ਕਾਰਨ ਇਸਤੋਂ ਮੀਟਰ ਉਤਾਰਿਆ ਗਿਆ ਸੀ ਕਿਉਕਿ ਬੰਦ ਮੀਟਰ ਦਾ ਵੀ ਕਿਰਾਇਆ ਪੈਂਦਾ ਰਹਿੰਦਾ ਹੈ ਪਰ ਇਸ ਗ਼ੈਰ- ਪ੍ਰਵਾਨਿਤ ਵਰਤੋਂ ਕਾਰਨ ਵਿਭਾਗ ਦੇ ਨੁਕਸਾਨ ਦੀ ਗਣਨਾ ਕਰਕੇ ਕਾਰਜਸਾਧਕ ਅਫ਼ਸਰ ਨੂੰ ਜੁਰਮਾਨਾ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਇਸ ਕੋਠੀ ਵਿੱਚੋ ਕਿਸਾਨਾਂ ਦੀਆਂ ਟਰਾਲੀਆਂ ਦਾ ਸਾਮਾਨ ਜ਼ਮੀਨ ਵਿੱਚ ਦੱਬਿਆ ਹੋਇਆ ਮਿਲਣ ਕਾਰਨ ਇਹ ਕੋਠੀ ਕਾਫੀ ਚਰਚਾ ਵਿੱਚ ਹੈ।

