ਪਾਲ ਸਿੰਘ ਨੌਲੀ
ਹੜ੍ਹ ਪ੍ਰਭਾਵਿਤ ਇਲਾਕੇ ਮੰਡ ਵਿੱਚ ਰਾਹਤ ਸਮੱਗਰੀ ਦਾ ਹੜ੍ਹ ਆਇਆ ਹੋਇਆ ਹੈ। ਅੱਧਾ ਪੰਜਾਬ ਹੜ੍ਹ ਵਿੱਚ ਡੁੱਬਿਆ ਹੋਇਆ ਹੈ ਅਤੇ ਬਾਕੀ ਮਦਦ ਕਰ ਰਿਹਾ ਹੈ। ਹੜ੍ਹ ਪੀੜਤਾਂ ਦੀ ਮਦਦ ਵਾਸਤੇ ਹਰਿਆਣਾ ਵੀ ਪਿੱਛੇ ਨਹੀਂ ਹੈ, ਉਥੋਂ ਵੀ ਰਾਹਤ ਸਮੱਗਰੀ ਦੀਆਂ ਟਰਾਲੀਆਂ ਭਰ-ਭਰ ਕੇ ਆ ਰਹੀਆਂ ਹਨ। ਫਿਲਮੀ ਕਲਾਕਾਰ ਅਤੇ ਪੰਜਾਬੀ ਗਾਇਕ ਵੀ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਆਣ ਖੜ੍ਹੇ ਹੋਏ ਹਨ।
ਅੱਜ ਜੌਹਲਾ ਪਿੰਡ ਤੋਂ ਗੁਰਦੁਆਰਾ ਚਾਹ ਵਾਲਾ ਸਾਹਿਬ ਤੋਂ ਵੱਡੇ ਪੱਧਰ ’ਤੇ ਲੰਗਰ ਪਕਾ ਕੇ ਲਿਆਂਦਾ ਗਿਆ। ਰਾਹਤ ਸਮੱਗਰੀ ਇੰਨੀ ਤਾਦਾਦ ਵਿੱਚ ਪਹੁੰਚ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਸਮੱਗਰੀ ਰੱਖਣ ਲਈ ਥਾਂ ਨਹੀਂ ਲੱਭ ਰਹੀ। ਬਾਊਪੁਰ ਦੇ ਸਰਪੰਚ ਪਰਮਜੀਤ ਸਿੰਘ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿੰਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਹ ਇੱਕਲੇ ਹਨ। ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਹੜ੍ਹਾਂ ਦੀ ਕਰੋਪੀ ਨੂੰ ਝੱਲਿਆ ਹੈ ਪਰ ਇਸ ਤਰ੍ਹਾਂ ਲੋਕਾਂ ਦੀ ਮਦਦ ਨਹੀਂ ਸੀ ਦੇਖੀ। ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ ਜਦੋਂ ਲੋਕ ਰਾਹਤ ਸਮੱਗਰੀ ਵੰਡਣ ਸਮੇਂ ਕਹਿੰਦੇ ਹਨ ਕਿ ਉਹ ਇੱਕਲੇ ਨਾ ਮਹਿਸੂਸ ਕਰਨ। ਉਧਰ ਪਰਵਾਸੀ ਪੰਜਾਬੀ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਡਾਲਰ ਤੇ ਪੌੰਡਾਂ ਦਾ ਮੀਂਹ ਵਰ੍ਹਾ ਰਹੇ ਹਨ।