ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਜਣੇਪਾ ਛੁੱਟੀ ਬਾਰੇ ਨੋਟੀਫਿਕੇਸ਼ਨ ਜਾਰੀ
ਵਿੱਤ ਮੰਤਰੀ ਵੱਲੋਂ ਮੁਲਾਜ਼ਮ ਧਿਰਾਂ ਨਾਲ ਮੀਟਿੰਗਾਂ; ਯੂਨੀਅਨ ਵੱਲੋਂ ਨੋਟੀਫਿਕੇਸ਼ਨ ਲਈ ਵਿੱਤ ਮੰਤਰੀ ਦਾ ਧੰਨਵਾਦ
ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਵਿਭਾਗਾਂ ਤੇ ਅਦਾਰਿਆਂ ਨਾਲ ਸਬੰਧਤ ਪੰਜ ਕਰਮਚਾਰੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਸ੍ਰੀ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅੱਜ ‘ਮੈਟਰਨਿਟੀ ਬੈਨੀਫਿਟਸ ਐਕਟ 1961’ ਅਨੁਸਾਰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਜਣੇਪਾ ਛੁੱਟੀ ਦਾ ਲਾਭ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਵੇਂ ਨੋਟੀਫਿਕੇਸ਼ਨ ਅਨੁਸਾਰ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਜਣੇਪਾ ਛੁੱਟੀ ਦੌਰਾਨ ਨਿਸ਼ਚਿਤ ਮਾਸਿਕ ਮਾਣਭੱਤਾ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ। ਇਸ ਤੋਂ ਇਲਾਵਾ ‘ਮੈਟਰਨਿਟੀ ਬੈਨੀਫਿਟਸ ਐਕਟ 1961’ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਸੋਧਾਂ ਵੀ ਉਨ੍ਹਾਂ ’ਤੇ ਲਾਗੂ ਹੋਣਗੀਆਂ। ਯੂਨੀਅਨ ਨੇ ਇਸ ਨੋਟੀਫਿਕੇਸ਼ਨ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਵਿੱਤ ਮੰਤਰੀ ਨੇ ਅੱਜ ਇੱਥੇ ਜੰਗਲਾਤ ਵਰਕਰਜ਼ ਯੂਨੀਅਨ, ਆਸ਼ਾ ਵਰਕਰ ਤੇ ਫੈਸਿਲੀਟੇਟਰ ਨਿਰੋਲ ਯੂਨੀਅਨ, ਆਦਰਸ਼ ਸਕੂਲ ਟੀਚਿੰਗ ਨਾਨ-ਟੀਚਿੰਗ ਮੁਲਜ਼ਮ ਯੂਨੀਅਨ, ਈ ਟੀ ਟੀ ਤੇ ਟੀ ਈ ਟੀ ਪਾਸ ਅਧਿਆਪਨ ਐਸੋਸੀਏਸ਼ਨ (ਜੈ ਸਿੰਘ ਵਾਲਾ) ਅਤੇ ਬੇਰੁਜ਼ਗਾਰ ਪੀ ਐੱਸ ਟੀ ਈ ਟੀ ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਇਸ ਮੌਕੇ ਜਾਇਜ਼ ਮੰਗਾਂ ਦੇ ਜਲਦੀ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਵਿੱਤ ਮੰਤਰੀ ਚੀਮਾ ਨੇ ਸਬੰਧਤ ਵਿਭਾਗਾਂ ਨੂੰ ਯੂਨੀਅਨ ਆਗੂਆਂ ਵੱਲੋਂ ਚੁੱਕੀਆਂ ਜਾਇਜ਼ ਮੰਗਾਂ ’ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਵਿੱਤ ਵਿਭਾਗ ਨਾਲ ਸਬੰਧਤ ਮੰਗਾਂ ਲਈ ਮਤੇ ਤਿਆਰ ਕਰਨ ਲਈ ਕਿਹਾ ਅਤੇ ਇਨ੍ਹਾਂ ਨੂੰ ਜਲਦ ਵਿੱਤ ਵਿਭਾਗ ਨੂੰ ਭੇਜਣ ਦੇ ਨਿਰਦੇਸ਼ ਵੀ ਦਿੱਤੇ।
ਇਨ੍ਹਾਂ ਮੀਟਿੰਗਾਂ ’ਚ ਅੱਜ ਜੰਗਲਾਤ ਵਰਕਰਜ਼ ਯੂਨੀਅਨ ਤੋਂ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਅਤੇ ਸੁਲੱਖਣ ਸਿੰਘ ਮੁਹਾਲੀ ਅਤੇ ਉਪ ਪ੍ਰਧਾਨ ਸਤਨਾਮ ਸਿੰਘ ਸੰਗਰੂਰ, ਆਸ਼ਾ ਵਰਕਰ ਤੇ ਫੈਸਿਲੀਟੇਟਰ ਨਿਰੋਲ ਯੂਨੀਅਨ ਤੋਂ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਸ਼ਿੰਦਰਪਾਲ ਕੌਰ ਬਾਲਿਆਂਵਾਲੀ ਅਤੇ ਕਿਰਨਜੀਤ ਕੌਰ ਮਾਨਸਾ, ਆਦਰਸ਼ ਸਕੂਲ ਟੀਚਿੰਗ ਨਾਨ-ਟੀਚਿੰਗ ਮੁਲਜ਼ਮ ਯੂਨੀਅਨ ਤੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਜਨਰਲ ਸਕੱਤਰ ਸੁਖਦੀਪ ਕੌਰ ਸਰਾਂ, ਸਹਾਇਕ ਸਕੱਤਰ ਸਲੀਮ ਮੁਹੰਮਦ; ਈ ਟੀ ਟੀ, ਟੀ ਈ ਟੀ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਤੋਂ ਸੂਬਾ ਪ੍ਰਧਾਨ ਕਮਲ ਠਾਕੁਰ, ਜਨਰਲ ਸਕੱਤਰ ਸੋਹਣ ਸਿੰਘ ਬਰਨਾਲਾ ਤੇ ਖ਼ਜ਼ਾਨਚੀ ਗੁਰਮੁਖ ਸਿੰਘ ਪਟਿਆਲਾ ਅਤੇ ਬੇਰੁਜ਼ਗਾਰ ਪੀ ਐੱਸ ਟੀ ਈ ਟੀ ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਤੋਂ ਕਿਰਨਦੀਪ, ਜੋਤਇੰਦਰ ਸਿੰਘ ਅਤੇ ਹਰਮਿੰਦਰ ਸੈਣੀ ਸ਼ਾਮਲ ਹੋਏ।