ਡਿਊਟੀ ’ਚ ਕੁਤਾਹੀ ’ਂਤੇ ਅਫਸਰਾਂ ਨੂੰ ਨੋਟਿਸ
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਧਿਕਾਰੀਆਂ ਨੂੰ ਪਰਾਲੀ ਸਾੜਨ ਦੇ ਮਾਮਲੇ ਰੋਕਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਬਾਵਜੂਦ ਜ਼ਿਲ੍ਹੇ ਵਿੱਚ ਕਈ ਥਾਈਂ ਪਰਾਲੀ ਫੂਕਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਡਿਊਟੀ ’ਚ ਕੁਤਾਹੀ...
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਧਿਕਾਰੀਆਂ ਨੂੰ ਪਰਾਲੀ ਸਾੜਨ ਦੇ ਮਾਮਲੇ ਰੋਕਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਬਾਵਜੂਦ ਜ਼ਿਲ੍ਹੇ ਵਿੱਚ ਕਈ ਥਾਈਂ ਪਰਾਲੀ ਫੂਕਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਡਿਊਟੀ ’ਚ ਕੁਤਾਹੀ ਦੇ ਦੋਸ਼ ਹੇਠ ਡੀ ਐੱਸ ਪੀ ਤੇ ਐੱਸ ਡੀ ਐੱਮ ਸਣੇ 92 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਜ਼ਿਲ੍ਹੇ ਵਿੱਚ ਇਸ ਸਾਲ ਪਰਾਲੀ ਫੂੁਕਣ ਦੇ ਕੇਸਾਂ ਵਿੱਚ 50 ਫ਼ੀਸਦੀ ਕਮੀ ਆਈ ਹੈ। ਦੋ ਦਿਨਾਂ ਤੋਂ ਪਰਾਲੀ ਫੂਕਣ ਦਾ ਕੋਈ ਨਵਾਂ ਕੇਸ ਨਹੀਂ ਆਇਆ ਹੈ। ਜ਼ਿਲ੍ਹੇ ਦੀ ਸਬ ਡਿਵੀਜ਼ਨ ਬਾਘਾਪੁਰਾਣਾ ਖੇਤਰ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧ ਹੋਣ ਕਰ ਕੇ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀ ਅਤੇ ਇਸੇ ਸਬ ਡਿਵੀਜ਼ਨ ਦੇ ਤਕਰੀਬਨ ਸਾਰੇ ਖੇਤੀਬਾੜੀ ਅਫਸਰਾਂ ਅਤੇ ਅਮਲੇ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਖੇਤੀਬਾੜੀ ਅਫ਼ਸਰ ਨੇ 30 ਅਕਤੂਬਰ ਨੂੰ ਨਵੀਂ ਨੌਕਰੀ ਜੁਆਇਨ ਕੀਤੀ ਸੀ। ਉਸ ਨੂੰ ਨੌਕਰੀ ਦੇ 15 ਦਿਨਾਂ ਮਗਰੋਂ ਹੀ ਇਹ ਨੋਟਿਸ ਮਿਲਿਆ।
ਕੇਸ ਤੇ ਨੋਟਿਸ ਸਮੱਸਿਆ ਦਾ ਹੱਲ ਨਹੀਂ: ਬਰਾੜ
ਪੰਜਾਬ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਨੋਟਿਸ ਜਾਰੀ ਕਰਨ ਜਾਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ। ਤਿੰਨ ਦਹਾਕਿਆਂ ਤੋਂ ਚੱਲ ਰਹੀ ਸਮੱਸਿਆ ਤਕਨੀਕੀ ਢੰਗ ਨਾਲ ਹੱਲ ਕੀਤੀ ਜਾ ਸਕਦੀ ਹੈ।
ਪਰਾਲੀ ਫੂਕਣਾ ਕਿਸਾਨਾਂ ਦੀ ਮਜਬੂਰੀ: ਲੰਡੇਕੇ
ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਅਮਰਜੀਤ ਸਿੰਘ ਗਿੱਲ ਲੰਡੇਕੇ ਨੇ ਕਿਹਾ ਕਿ ਕਿਸਾਨਾਂ ਲਈ ਪਰਾਲੀ ਨੂੰ ਅੱਗ ਲਗਾਉਣਾ ਮਜਬੂਰੀ ਹੈ, ਕੋਈ ਸ਼ੌਕ ਨਹੀਂ। ਝੋਨੇ ਦੀ ਫ਼ਸਲ ਦੀ ਵਢਾਈ ਮਗਰੋਂ ਕਣਕ ਦੀ ਬਿਜਾਈ ਕਰਨ ਲਈ ਬਹੁਤ ਘੱਟ ਸਮਾਂ ਬਚਦਾ ਹੈ। ਇੰਨੇ ਥੋੜ੍ਹੇ ਸਮੇਂ ਵਿੱਚ ਇੰਨੇ ਵੱਡੇ ਰਕਬੇ ਵਿੱਚੋਂ ਪਰਾਲੀ ਦੀ ਸੰਭਾਲ ਕਰਨਾ ਸੰਭਵ ਨਹੀਂ ਹੈ। ਇਸ ਮਾਮਲੇ ’ਚ ਕਿਸਾਨਾਂ ਨੂੰ ਦੋਸ਼ੀ ਬਣਾਉਣਾ ਜਾਇਜ਼ ਨਹੀਂ।

