DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੂਰਪੁਰ ਬੇਟ: ਅੱਠ ਕਰੋੜੀ ਕਾਰਕਸ ਪਲਾਂਟ ਨੂੰ ਤਬਦੀਲ ਕਰਨ ਦੀ ਤਿਆਰੀ

ਐਨਜੀਟੀ ਨੂੰ ਦਿੱਤੀ ਰਿਪੋਰਟ ਵਿੱਚ ਨਿਗਮ ਨੇ ਪਲਾਂਟ ਤਬਦੀਲ ਕਰਨ ਬਾਰੇ ਕੀਤਾ ਖੁਲਾਸਾ
  • fb
  • twitter
  • whatsapp
  • whatsapp
featured-img featured-img
ਪਿੰਡ ਨੂਰਪੁਰ ਬੇਟ ਵਿੱਚ ਲੱਗੇ ਮਾਡਰਨ ਕਾਰਕਸ ਪਲਾਂਟ ਦੀ ਬਾਹਰੀ ਝਲਕ।
Advertisement

ਗਗਨਦੀਪ ਅਰੋੜਾ

ਲੁਧਿਆਣਾ, 26 ਅਗਸਤ

Advertisement

ਸਤਲੁਜ ਦਰਿਆ ’ਤੇ ਬਣੀ ਹੱਡਾ-ਰੋੜੀ ਨੂੰ ਖ਼ਤਮ ਕਰਨ ਲਈ ਨਗਰ ਨਿਗਮ ਨੇ ਕਈ ਸਾਲ ਪਹਿਲਾਂ ਸਮਾਰਟ ਸਿਟੀ ਮਿਸ਼ਨ ਤਹਿਤ 7.98 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਨੂਰਪੁਰ ਬੇਟ ਵਿੱਚ ਇੱਕ ਮਾਡਰਨ ਕਾਰਕਸ ਪਲਾਂਟ ਬਣਾਇਆ ਪਰ ਲੋਕ ਰੋਹ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਇਹ ਪਲਾਂਟ ਚਾਲੂ ਨਹੀਂ ਹੋ ਸਕਿਆ। ਇਸ ਪਲਾਂਟ ਨੇੜਲੇ 12 ਪਿੰਡਾਂ ਦੇ ਲੋਕ ਜਨਵਰੀ ਮਹੀਨੇ ਤੋਂ ਲਗਾਤਾਰ ਇਸ ਪਲਾਂਟ ਦੇ ਬਾਹਰ ਧਰਨਾ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਉਨ੍ਹਾਂ ਦੇ ਪਿੰਡਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ ਅਤੇ ਇਸ ਨਾਲ ਜ਼ਮੀਨੀ ਤੇ ਪਾਣੀ ਦੂਸ਼ਿਤ ਹੋਵੇਗਾ ਅਤੇ ਵਾਤਾਵਰਨ ਖ਼ਰਾਬ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੁਆਕਾਂ ਨੂੰ ਰਿਸ਼ਤੇ ਨਹੀਂ ਹੋਣਗੇ ਤੇ ਜ਼ਮੀਨਾਂ ਦੇ ਭਾਅ ਡਿੱਗ ਜਾਣਗੇ ਪਰ ਪ੍ਰਸ਼ਾਸਨ ਨੇ ਜਿੰਨੇ ਵਾਰ ਜ਼ਬਰਦਸਤੀ ਇਸ ਪਲਾਂਟ ਨੂੰ ਚਾਲੂ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਡਟ ਕੇ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਨੂੰ ਕਾਮਯਾਬੀ ਨਹੀਂ ਮਿਲੀ।

ਹੁਣ ਪਿਛਲੇ ਦਿਨੀਂ ਐੱਨਜੀਟੀ ਵਿੱਚ ਐੱਨਜੀਓ ਤੇ ਵਾਤਾਵਰਨ ਪ੍ਰੇਮੀ ਵੱਲੋਂ ਪਲਾਂਟ ਚਾਲੂ ਕਰਨ ਲਈ ਪਾਈ ਗਈ ਪਟੀਸ਼ਨ ’ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਫ਼ਸਰਾਂ ਨੇ ਰਿਪੋਰਟ ਦਿੱਤੀ ਹੈ ਕਿ ਪਿੰਡ ਵਾਸੀ ਪਲਾਂਟ ਦਾ ਵਿਰੋਧ ਕਰ ਰਹੇ ਹਨ। ਇਸ ਕਰਕੇ ਇਸ ਪਲਾਂਟ ਨੂੰ ਚਾਲੂ ਨਹੀਂ ਕੀਤਾ ਜਾ ਸਕਦਾ। ਪ੍ਰਸ਼ਾਸਨ ਨੇ ਰਿਪੋਰਟ ਵਿੱਚ ਲਿਖਿਆ ਹੈ ਕਿ ਹੁਣ ਉਹ ਇਸ ਪਲਾਂਟ ਦੀ ਥਾਂ ਨੂੰ ਤਬਦੀਲ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਲਈ ਠੇਕੇਦਾਰ ਕੋਲੋਂ ਐਸਟੀਮੇਟ ਤਿਆਰ ਕਰਵਾਇਆ ਜਾ ਰਿਹਾ ਹੈ ਕਿ ਇਸ ਪਲਾਂਟ ਨੂੰ ਤਬਦੀਲ ਕਰਨ ਲਈ ਕਿੰਨਾ ਖ਼ਰਚਾ ਆਏਗਾ। ਨਗਰ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਪਲਾਂਟ ਨੂੰ ਤਾਜਪੁਰ ਰੋਡ ਸਥਿਤ ਕੂੜੇ ਵਾਲੀ ਥਾਂ ਨੇੜੇ ਤਬਦੀਲ ਕਰਨ ਦੀ ਤਿਆਰੀ ਹੈ। ਪਿੰਡ ਰਸੂਲਪੁਰ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਪਲਾਂਟ ਦੇ ਲਈ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਨਰਕ ਹੋ ਜਾਵੇਗੀ ਅਤੇ ਉਹ ਕਿਸੇ ਵੀ ਕੀਮਤ ’ਤੇ ਇਸ ਪਲਾਂਟ ਨੂੰ ਚੱਲਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਹ ਜੋਧਪੁਰ ਵਿੱਚ ਲੱਗੇ ਪਲਾਂਟ ਨੂੰ ਦੇਖ ਕੇ ਆਏ ਹਨ ਜਿਸ ਦੇ 6 ਕਿਲੋਮੀਟਰ ਦੇ ਘੇਰੇ ਵਿੱਚ ਲੋਕਾਂ ਦੀ ਜ਼ਿੰਦਗੀ ਬਹੁਤ ਖ਼ਰਾਬ ਹੈ।

ਸਮਾਜਸੇਵੀ ਸਾਬਕਾ ਕਰਨਲ ਜਸਜੀਤ ਸਿੰਘ ਗਿੱਲ ਨੇ ਕਿਹਾ ਇਹ ਭਾਰਤ ਵਿੱਚ ਤੀਜਾ ਪਲਾਂਟ ਹੈ। ਜੋਧਪੁਰ ਤੇ ਦਿੱਲੀ ਤੋਂ ਬਾਅਦ ਇਹ ਪਲਾਂਟ ਲੁਧਿਆਣਾ ਵਿੱਚ ਲਾਇਆ ਗਿਆ ਹੈ ਜਿਸ ਵਿੱਚ 150 ਤੋਂ ਵੱਧ ਮਰੇ ਪਸ਼ੂਆਂ ਦੇ ਪਿੰਜਰਾਂ ਦਾ ਪ੍ਰਬੰਧਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਪਤਾ ਚੱਲਿਆ ਹੈ ਕਿ ਪਲਾਂਟ ਨੂੰ ਤਬਦੀਲ ਕੀਤਾ ਜਾ ਰਿਹਾ ਹੈ ਪਰ ਉਹ ਚਾਹੁੰਦੇ ਹਨ ਕਿ ਤਬਦੀਲ ਕਰਨ ਤੋਂ ਪਹਿਲਾਂ ਉਥੇ ਦੀ ਪੂਰੀ ਸਟੱਡੀ ਕੀਤੀ ਜਾਵੇ ਤਾਂ ਜੋ ਨੂਰਪੁਰ ਵਾਂਗ ਵੀ ਉਥੇ ਵੀ ਹਾਲਾਤ ਖ਼ਰਾਬ ਨਾ ਹੋਣ।

Advertisement
×