DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਅੱਜ ਤੋਂ

ਹਾਲੇ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ ਉਮੀਦਵਾਰ ਦਾ ਐਲਾਨ
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਜਲੰਧਰ, 13 ਜੂਨ

Advertisement

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ 14 ਜੂਨ ਤੋਂ ਸ਼ੁਰੂ ਹੋ ਜਾਣਗੀਆਂ ਪਰ ਹਾਲੇ ਤੱਕ ਕਿਸੇ ਵੀ ਰਾਜਨੀਤਿਕ ਧਿਰ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਲਈ ਇਹ ਸੀਟ ਵੱਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਿੱਤ ਪ੍ਰਾਪਤ ਕੀਤੀ ਸੀ, ਜੋ ਬਾਅਦ ਵਿੱਚ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 21 ਜੂਨ ਜਦਕਿ ਵਾਪਸ ਲੈਣ ਦੀ ਆਖਰੀ ਤਰੀਕ 26 ਜੂਨ ਹੈ।

ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਇਸ ਜਲੰਧਰ ਪੱਛਮੀ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ 10 ਜੁਲਾਈ ਨੂੰ ਹੋਣੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ 30 ਮਈ ਨੂੰ ਪ੍ਰਵਾਨ ਕਰ ਲਿਆ ਸੀ ਹਾਲਾਂਕਿ ਅੰਗੁਰਾਲ ਨੇ ਅਸਤੀਫ਼ਾ ਵਾਪਸ ਲੈਣ ਲਈ 2 ਜੂਨ ਨੂੰ ਭੱਜ ਦੌੜ ਵੀ ਕੀਤੀ ਸੀ।ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੌੜ ’ਚ ਮਹਿੰਦਰ ਭਗਤ ਸਭ ਤੋਂ ਮੋਹਰੀ ਦੱਸੇ ਜਾ ਰਹੇ ਹਨ, ਜਿਹੜੇ ਪਿਛਲੇ ਸਾਲ ਹੀ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ। ਇਸ ਹਲਕੇ ਤੋਂ ਅਸਤੀਫ਼ਾ ਦੇਣ ਵਾਲੇ ਸ਼ੀਤਲ ਅੰਗੁਰਾਲ ਵੀ ਭਾਜਪਾ ਵੱਲੋਂ ਚੋਣ ਲੜਨ ਦੇ ਇੱਛੁਕ ਹਨ। ਕਾਂਗਰਸ ਤੋਂ ‘ਆਪ’ ਤੇ ਫਿਰ ‘ਆਪ’ ਤੋਂ ਭਾਜਪਾ ’ਚ ਸ਼ਾਮਲ ਹੋਏ ਸ਼ੁਸ਼ੀਲ ਰਿੰਕੂ ਵੀ ਆਪਣੀ ਕੌਂਸਲਰ ਪਤਨੀ ਸੁਨੀਤਾ ਰਿੰਕੂ ਨੂੰ ਭਾਜਪਾ ਵੱਲੋਂ ਚੋਣ ਲੜਾਉਣ ਲਈ ਯਤਨਸ਼ੀਲ ਦੱਸੇ ਜਾ ਰਹੇ ਹਨ।

ਹਾਲਾਂਕਿ ਭਾਜਪਾ ਦੇ ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਦਲ ਬਦਲੂਆਂ ਨੂੰ ਤਰਜੀਹ ਦੇਣ ਦੀ ਥਾਂ ਪਾਰਟੀ ਵਿੱਚੋਂ ਹੀ ਕਿਸੇ ਆਗੂ ਨੂੰ ਉਮੀਦਵਾਰ ਬਣਾਉਣਾ ਲਾਹੇਵੰਦ ਹੋਵੇਗਾ। ਕਾਂਗਰਸ ਵੱਲੋਂ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਪ੍ਰਵੀਨ ਕੁਮਾਰ ਟਿਕਟ ਦੇ ਦਾਅਵੇਦਾਰ ਹਨ। ਬਸਪਾ ਵੀ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਤਾਂ ਲੜਦੀ ਆ ਰਹੀ ਹੈ ਪਰ ਪਾਰਟੀ ਨੇ ਕਦੇ ਵੀ ਜ਼ਿਮਨੀ ਚੋਣ ਨਹੀਂ ਲੜੀ। ਉਸ ਦਾ ਤਰਕ ਹੈ ਕਿ ਇਹ ਸਮਾਂ ਤੇ ਵਰਕਰਾਂ ਦੀ ਤਾਕਤ ਬਰਬਾਦ ਕਰਨ ਵਾਲੀ ਗੱਲ ਹੈ ਕਿਉਂਕਿ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਧਿਰ ਦਾ ਜ਼ਿਆਦਾ ਜ਼ੋਰ ਚੱਲ ਜਾਂਦਾ ਹੈ। ਅਕਾਲੀ ਦਲ ਦਾ ਇਸ ਹਲਕੇ ਵਿੱਚ ਬਹੁਤਾ ਵੋਟ ਬੈਂਕ ਹੈ ਨਹੀਂ ਹੈ।

Advertisement
×