DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਨੀ, ਤਰਨਜੀਤ ਸੰਧੂ, ਬਿੱਟੂ, ਰਿੰਕੂ ਤੇ ਹੋਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ

ਚਰਨਜੀਤ ਭੁੱਲਰ ਚੰਡੀਗੜ੍ਹ, 10 ਮਈ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਜ਼ੋਰ ਫੜ ਗਿਆ ਹੈ ਅਤੇ ਅੱਜ ਦਰਜਨਾਂ ਵੱਡੇ ਰਾਜਸੀ ਚਿਹਰਿਆਂ ਨੇ ਆਪਣੇ ਕਾਗ਼ਜ਼ ਦਾਖਲ ਕੀਤੇ। ਅੱਜ ਨਾਮਜ਼ਦਗੀ ਦਾਖਲ ਕਰਨ ਦੇ ਚੌਥੇ ਦਿਨ 82...
  • fb
  • twitter
  • whatsapp
  • whatsapp
featured-img featured-img
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਜਲੰਧਰ ਵਿੱਚ ਪਾਰਟੀ ਆਗੂਆਂ ਨਾਲ ਰੋਡ ਸ਼ੋਅ ਕਰਦੇ ਹੋਏ। -ਫੋਟੋ: ਮਲਕੀਅਤ ਸਿੰਘ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 10 ਮਈ

Advertisement

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਜ਼ੋਰ ਫੜ ਗਿਆ ਹੈ ਅਤੇ ਅੱਜ ਦਰਜਨਾਂ ਵੱਡੇ ਰਾਜਸੀ ਚਿਹਰਿਆਂ ਨੇ ਆਪਣੇ ਕਾਗ਼ਜ਼ ਦਾਖਲ ਕੀਤੇ। ਅੱਜ ਨਾਮਜ਼ਦਗੀ ਦਾਖਲ ਕਰਨ ਦੇ ਚੌਥੇ ਦਿਨ 82 ਉਮੀਦਵਾਰਾਂ ਨੇ 95 ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। 13 ਲੋਕ ਸਭਾ ਸੀਟਾਂ ਲਈ ਹੁਣ ਤੱਕ 143 ਉਮੀਦਵਾਰਾਂ ਵੱਲੋਂ 163 ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 11 ਅਤੇ 12 ਮਈ ਨੂੰ ਸਰਕਾਰੀ ਛੁੱਟੀ ਹੋਣ ਕਰਕੇ ਨਾਮਜ਼ਦਗੀਆਂ ਦਾਖਲ ਨਹੀਂ ਕੀਤੀਆਂ ਜਾ ਸਕਣਗੀਆਂ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 14 ਮਈ ਹੈ।

‘ਆਪ’ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਦਾਖਲ ਕਰਦੇ ਹੋਏ। -ਫੋਟੋ: ਮਲਕੀਅਤ ਸਿੰਘ

ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਨੇ ਅੱਜ ਜਲੰਧਰ ਹਲਕੇ ਤੋਂ ਨਾਮਜ਼ਦਗੀ ਦਾਖਲ ਕੀਤੀ ਅਤੇ ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਮੌਜੂਦ ਸਨ। ਜਲੰਧਰ ਤੋਂ ਛੇ ਉਮੀਦਵਾਰਾਂ ਨੇ ਕਾਗ਼ਜ਼ ਭਰੇ ਹਨ ਜਿਨ੍ਹਾਂ ’ਚ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਕੇਪੀ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਅਤੇ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਦੇ ਨਾਮ ਸ਼ਾਮਲ ਹਨ। ਅੰਮ੍ਰਿਤਸਰ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਾਗ਼ਜ਼ ਦਾਖਲ ਕੀਤੇ ਅਤੇ ਇਸ ਮੌਕੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਵੀ ਹਾਜ਼ਰ ਸਨ। ਇਸ ਹਲਕੇ ਤੋਂ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਨੇ ਵੀ ਕਾਗ਼ਜ਼ ਭਰੇ ਹਨ। ਇਸ ਹਲਕੇ ਤੋਂ ਅੱਜ ਛੇ ਉਮੀਦਵਾਰਾਂ ਨੇ ਕਾਗ਼ਜ਼ ਭਰੇ ਹਨ। ਪਟਿਆਲਾ ਹਲਕੇ ਤੋਂ ਪੰਜ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ ਤੇ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਟਰੈਕਟਰ ’ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ। ਖਡੂਰ ਸਾਹਿਬ ਹਲਕੇ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਬਤੌਰ ਆਜ਼ਾਦ ਉਮੀਦਵਾਰ ਕਾਗ਼ਜ਼ ਦਾਖਲ ਕੀਤੇ ਗਏ ਹਨ। ਇਸ ਹਲਕੇ ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਅਤੇ ਸੀਪੀਆਈ ਵੱਲੋਂ ਗੁਰਦਿਆਲ ਸਿੰਘ ਨੇ ਵੀ ਕਾਗ਼ਜ਼ ਭਰੇ ਹਨ। ਲੁਧਿਆਣਾ ਹਲਕੇ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਅਤੇ ਬਸਪਾ ਦੇ ਦਵਿੰਦਰ ਸਿੰਘ ਸਮੇਤ 12 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ। ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਅਤੇ ਕਾਂਗਰਸ ਦੀ ਯਾਮਿਨੀ ਗੋਮਰ ਸਮੇਤ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ। ਆਨੰਦਪੁਰ ਸਾਹਿਬ ਹਲਕੇ ਤੋਂ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਅਕਾਲੀ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਸਪਾ ਉਮੀਦਵਾਰ ਜਸਵੀਰ ਸਿੰਘ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਹਲਕੇ ਤੋਂ ਸੱਤ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ।

ਬਠਿੰਡਾ ਹਲਕੇ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਸਮੇਤ ਸੱਤ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕਰ ਦਿੱਤੇ ਹਨ। ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਰਾਜ ਜਤਿੰਦਰ ਸਿੰਘ ਸਮੇਤ ਛੇ ਉਮੀਦਵਾਰਾਂ ਨੇ ਵੀ ਕਾਗ਼ਜ਼ ਦਾਖਲ ਕੀਤੇ ਹਨ। ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੇ ਕਾਗ਼ਜ਼ ਭਰੇ ਹਨ। ਇੱਥੋਂ ਅੱਜ 9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਫ਼ਰੀਦਕੋਟ ਹਲਕੇ ਤੋਂ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਅਤੇ ਸੰਗਰੂਰ ਹਲਕੇ ਤੋਂ ਬਸਪਾ ਦੀ ਸੁਰਿੰਦਰ ਕੌਰ ਸਮੇਤ ਅੱਜ ਚਾਰ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ। ਫ਼ਿਰੋਜ਼ਪੁਰ ਹਲਕੇ ਤੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਸਮੇਤ ਚਾਰ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ।

ਫਤਹਿਗੜ੍ਹ ਸਾਹਿਬ ਤੋਂ ਗੇਜਾ ਰਾਮ ਹੋਣਗੇ ਭਾਜਪਾ ਉਮੀਦਵਾਰ

ਚੰਡੀਗੜ੍ਹ: ਫਤਹਿਗੜ੍ਹ ਸਾਹਿਬ ਹਲਕੇ ਤੋਂ ਗੇਜਾ ਰਾਮ ਵਾਲਮੀਕਿ ਭਾਜਪਾ ਦੇ ਉਮੀਦਵਾਰ ਹੋਣਗੇ। ਭਾਜਪਾ ਨੇ ਅੱਜ ਬਾਕੀ ਰਹਿੰਦੇ ਹਲਕੇ ਤੋਂ ਉਮੀਦਵਾਰ ਐਲਾਨ ਕਰਕੇ ਪੰਜਾਬ ’ਚ ਟਿਕਟਾਂ ਦੀ ਵੰਡ ਦਾ ਕੰਮ ਮੁਕੰਮਲ ਕਰ ਲਿਆ ਹੈ। ਭਾਜਪਾ ਸੂਬੇ ਦੇ 12 ਸੰਸਦੀ ਹਲਕਿਆਂ ਤੋਂ ਪਹਿਲਾਂ ਹੀ ਉਮੀਦਵਾਰ ਉਤਾਰ ਚੁੱਕੀ ਹੈ ਅਤੇ ਆਖਰੀ ਟਿਕਟ ਗੇਜਾ ਰਾਮ ਵਾਲਮੀਕਿ ਦੇ ਹਿੱਸੇ ਆਈ ਹੈ। ਭਾਜਪਾ ਨੇ ਫਤਹਿਗੜ੍ਹ ਸਾਹਿਬ ਤੋਂ ਵੀ ਦਲ-ਬਦਲੂ ਨੂੰ ਉਤਾਰ ਦਿੱਤਾ ਹੈ। ਕਾਂਗਰਸ ਦੇ ਕਾਰਜਕਾਲ ਦੌਰਾਨ ਗੇਜਾ ਰਾਮ ਵਾਲਮੀਕਿ ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਰਹੇ ਹਨ ਅਤੇ ਉਹ ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਵੀ ਹਨ।

ਬਸਪਾ ਵੱਲੋਂ ਹੁਸ਼ਿਆਰਪੁਰ ਤੋਂ ਐਡਵੋਕੇਟ ਰਣਜੀਤ ਕੁਮਾਰ ਨੂੰ ਟਿਕਟ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਾਕੇਸ਼ ਸੋਮਨ ਦੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਤੋਂ ਬਾਅਦ ਪਾਰਟੀ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ ਐਡਵੋਕੇਟ ਰਣਜੀਤ ਕੁਮਾਰ ਦੇ ਨਾਂ ’ਤੇ ਮੋਹਰ ਲਗਾਈ ਗਈ। ਗੜ੍ਹੀ ਨੇ ਦੱਸਿਆ ਕਿ ਫ਼ੈਸਲੇ ਬਾਰੇ ਪਾਰਟੀ ਹਾਈ ਕਮਾਨ ਨੂੰ ਜਾਣੂ ਕਰਵਾਇਆ ਗਿਆ ਜਿਸ ਨੇ ਰਣਜੀਤ ਕੁਮਾਰ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ।

Advertisement
×