ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਜੁਲਾਈ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਅੰਤਰਰਾਸ਼ਟਰੀ ਨਸ਼ਾ ਤੇ ਹਥਿਆਰ ਤਸਕਰੀ ਅਤੇ ਨਾਰਕੋ-ਹਵਾਲਾ ਮਾਮਲੇ ਵਿਚ ਨੌਂ ਜਣਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ 1.15 ਕਿਲੋ ਹੈਰੋਇਨ, ਪੰਜ ਆਧੁਨਿਕ ਪਿਸਤੌਲਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਖੁਲਾਸਾ ਅੱਜ ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਮੀਡੀਆ ਖਾਤੇ ਰਾਹੀਂ ਕੀਤਾ। ਇਸ ਤੋਂ ਬਾਅਦ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸਪ੍ਰੀਤ ਸਿੰਘ ਚੌਹਾਨ ਉਰਫ਼ ਕਾਲੂ (26) ਵਾਸੀ ਪਿੰਡ ਸੋਖਾ ਭੈਣੀ, ਬਰਨਾਲਾ, ਹਰਪ੍ਰੀਤ ਸਿੰਘ ਉਰਫ਼ ਹੈਪੀ (25) ਵਾਸੀ ਪਿੰਡ ਭੋਲੋਕੇ ਗੁਰਦਾਸਪੁਰ, ਤੇਜਬੀਰ ਸਿੰਘ ਉਰਫ਼ ਤੇਜੀ (21) ਵਾਸੀ ਪਿੰਡ ਬਸਤੀ ਲਾਲ ਸਿੰਘ ਤਰਨ ਤਾਰਨ, ਦਾਨਿਸ਼ ਉਰਫ਼ ਗੱਗੂ (19) ਵਾਸੀ ਦਸਮੇਸ਼ ਨਗਰ ਨਗਰ, ਅੰਮ੍ਰਿਤਸਰ, ਸਲੋਨੀ (19) ਵਾਸੀ ਕੋਟ ਖਾਲਸਾ, ਅੰਮ੍ਰਿਤਸਰ, ਜੋਬਨਪ੍ਰੀਤ ਸਿੰਘ ਉਰਫ ਜੋਬਨ (28) ਵਾਸੀ ਪਿੰਡ ਮੇਹਰਬਾਨਪੁਰਾ, ਅੰਮ੍ਰਿਤਸਰ, ਕੁਲਵਿੰਦਰ ਸਿੰਘ (28) ਵਾਸੀ ਪਿੰਡ ਕੱਕਾ, ਲੁਧਿਆਣਾ, ਅਬਦੁਲ ਰਹਿਮਾਨ (45) ਤੇ ਪਰਦੀਪ ਪਿੰਟੂ (44) ਦੋਵੇਂ ਵਾਸੀ ਕਰਨਾਟਕ ਵਜੋਂ ਹੋਈ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਰਵਾਈ ਕਰਦਿਆਂ ਪੁਲੀਸ ਟੀਮਾਂ ਨੇ ਨਾਰਕੋ-ਹਥਿਆਰ ਤਸਕਰੀ ਮਾਮਲੇ ਵਿੱਚ ਸ਼ਾਮਲ ਜਸਪ੍ਰੀਤ, ਹਰਪ੍ਰੀਤ ਅਤੇ ਤੇਜਬੀਰ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਜਸਪ੍ਰੀਤ ਅਤੇ ਹਰਪ੍ਰੀਤ ਹਾਲ ਹੀ ਵਿੱਚ ਮਲੇਸ਼ੀਆ ਤੋਂ ਵਾਪਸ ਆਏ ਤੇ ਉਨ੍ਹਾਂ ਨੇ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕੀਤੀ ਸੀ। ਇਹ ਹਥਿਆਰ ਅੱਗੇ ਸਪਲਾਈ ਕੀਤੇ ਜਾਣੇ ਸਨ। ਦੂਜੇ ਅਪਰੇਸ਼ਨ ਤਹਿਤ ਪੁਲੀਸ ਨੇ ਨਾਰਕੋ-ਹਵਾਲਾ ਨੈੱਟਵਰਕ ਵਿੱਚ ਸ਼ਾਮਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।