ਹਾਦਸਾਗ੍ਰਸਤ ਜਹਾਜ਼ ਦੀ ਦਸੰਬਰ ਵਿੱਚ ਹੋਣੀ ਸੀ ਅਗਲੀ ਜਾਂਚ: ਏਅਰ ਇੰਡੀਆ
ਅਹਿਮਦਾਬਾਦ, 19 ਜੂਨ
ਏਅਰ ਇੰਡੀਆ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੈੱਲ ਵਿਲਸਨ ਨੇ ਅੱਜ ਦਾਅਵਾ ਕੀਤਾ ਹੈ ਕਿ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਬੋਇੰਗ 787-8 ਡਰੀਮਲਾਈਨਰ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਹੋਈ ਸੀ ਤੇ ਇਸ ਦੀ ਪਿਛਲੀ ਵਿਆਪਕ ਜਾਂਚ ਜੂਨ 2023 ਵਿੱਚ ਕੀਤੀ ਗਈ ਸੀ। ਇਸ ਜਹਾਜ਼ ਦੀ ਅਗਲੀ ਵਿਆਪਕ ਜਾਂਚ ਇਸੇ ਸਾਲ ਦਸੰਬਰ ਵਿੱਚ ਹੋਣੀ ਤੈਅ ਸੀ। ਏਅਰ ਇੰਡੀਆ ਨੇ ਕਿਹਾ ਕਿ ਉਸ ਵੱਲੋਂ 21 ਜੂਨ ਤੋਂ 15 ਜੁਲਾਈ ਦਰਮਿਆਨ 16 ਕੌਮਾਂਤਰੀ ਰੂਟਾਂ ’ਤੇ ਉਡਾਣਾਂ ਘਟਾਈਆਂ ਜਾਣਗੀਆਂ ਅਤੇ ਤਿੰਨ ਦੇਸ਼ਾਂ ਵਿੱਚ ਉਡਾਣਾਂ ਮੁਅੱਤਲ ਕੀਤੀਆਂ ਜਾਣਗੀਆਂ। ਜਹਾਜ਼ ਹਾਦਸੇ ਵਿੱਚ 270 ਵਿਅਕਤੀਆਂ ਦੀ ਮੌਤ ਹੋਣ ਤੋਂ ਹਫ਼ਤੇ ਬਾਅਦ ਡੀਐੱਨਏ ਦਾ ਮੇਲ ਕਰ ਕੇ ਹੁਣ ਤੱਕ 215 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ 198 ਮ੍ਰਿਤਕਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਹਵਾਲੇ ਕੀਤੀਆਂ ਗਈਆਂ ਹਨ। ਉੱਧਰ, ਕੇਂਦਰ ਸਰਕਾਰ ਨੇ ਕਿਹਾ ਕਿ ਏਅਰ ਇੰਡੀਆ ਦੇ ਹਾਦਸਾਗ੍ਰਸਤ ਜਹਾਜ਼ ਦੇ ਬਲੈਕ ਬਾਕਸ ਨੂੰ ਡੀਕੋਡ ਕਰਨ ਦੇ ਸਥਾਨ ਬਾਰੇ ਫੈਸਲਾ ਜਹਾਜ਼ ਹਾਦਸਾ ਜਾਂਚ ਬਿਊਰੋ (ਏਏਆਈਬੀ) ਲਵੇਗਾ। ਇਸੇ ਦੌਰਾਨ ਜ਼ਿਲ੍ਹੇ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਅਹਿਮਦਾਬਾਦ ਹਵਾਈ ਅੱਡੇ ਨਾਲ ਲੱਗਦੇ ਇਲਾਕਿਆਂ ਵਿੱਚ ਡਾਇਰੈਕਟਰ ਜਨਰਲ ਸ਼ਹਿਰੀ ਹਵਾਬਾਜ਼ੀ ਦੀਆਂ ਹਦਾਇਤਾਂ ਮੁਤਾਬਕ ਇਕ ਸਰਵੇਖਣ ਕਰਵਾਇਆ ਜਾਵੇਗਾ। -ਪੀਟੀਆਈ
ਇੰਡੀਗੋ ਤੇ ਸਪਾਈਸਜੈੱਟ ਦੇ ਜਹਾਜ਼ ਤਕਨੀਕੀ ਖਰਾਬੀ ਕਾਰਨ ਪਰਤੇ
ਨਵੀਂ ਦਿੱਲੀ (ਪੱਤਰ ਪ੍ਰੇਰਕ/ਪੀਟੀਆਈ): ਲੇਹ ਜਾਣ ਵਾਲਾ ਇੰਡੀਗੋ ਜਹਾਜ਼ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਅਸਮਾਨ ’ਚ ਰਹਿਣ ਤੋਂ ਬਾਅਦ ਅੱਜ ਸਵੇਰੇ ਤਕਨੀਕੀ ਸਮੱਸਿਆ ਕਾਰਨ ਕੌਮੀ ਰਾਜਧਾਨੀ ਪਰਤ ਆਇਆ। ਇਸੇ ਤਰ੍ਹਾਂ ਹੈਦਰਾਬਾਦ ਤੋਂ ਤਿਰੂਪਤੀ ਰਵਾਨਾ ਹੋਇਆ ਸਪਾਈਸਜੈੱਟ ਦਾ ਜਹਾਜ਼ ਅੱਜ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਤਕਨੀਕੀ ਖਰਾਬੀ ਕਾਰਨ ਇੱਥੇ ਹਵਾਈ ਅੱਡੇ ’ਤੇ ਮੁੜ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਲੇਹ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੰਬਰ 6ਈ 2006 ਦਾ ਸੰਚਾਲਨ ਕਰਨ ਵਾਲਾ ਏ320 ਜਹਾਜ਼ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾ ’ਚ ਰਹਿਣ ਤੋਂ ਬਾਅਦ ਕੌਮੀ ਰਾਜਧਾਨੀ ਪਰਤ ਆਇਆ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ 19 ਜੂਨ 2025 ਨੂੰ ਦਿੱਲੀ ਤੋਂ ਲੇਹ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੰਬਰ 6ਈ 2006 ਤਕਨੀਕੀ ਖਰਾਬੀ ਕਾਰਨ ਮੂਲ ਸਥਾਨ ’ਤੇ ਵਾਪਸ ਆ ਗਈ। ਇਸ ਦੌਰਾਨ ਮੁਸਾਫ਼ਰਾਂ ਨੂੰ ਲੇਹ ਲਿਜਾਣ ਲਈ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਦੂਜੇ ਪਾਸੇ ਹੈਦਰਾਬਾਦ ਹਵਾਈ ਅੱਡੇ ਤੋਂ ਸਪਾਈਸਜੈੱਟ ਦੀ ਉਡਾਣ ਨੰਬਰ ਐੱਸਜੀ 2696 ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਮੁੜ ਆਇਆ। ਇਸੇ ਤਰ੍ਹਾਂ ਏਅਰ ਇੰਡੀਆ ਦੀ ਦਿੱਲੀ ਤੋਂ ਵੀਅਤਨਾਮ ਜਾ ਰਹੀ ਉਡਾਣ ਵੀ ਤਕਨੀਕੀ ਖਰਾਬੀ ਕਾਰਨ ਅਤੇ ਗੁਹਾਟੀ ਤੋਂ ਚੇਨੱਈ ਜਾ ਰਹੀ ਇਕ ਉਡਾਣ ਨੂੰ ਈਂਧਣ ਘੱਟ ਹੋਣ ਕਾਰਨ ਬੰਗਲੂਰੂ ਵੱਲ ਮੋੜ ਦਿੱਤਾ ਗਿਆ। ਤੱਟ ਰੱਖਿਅਕ ਬਲ ਦਾ ਹੈਲੀਕਾਪਟਰ ਅੱਜ ਖਰਾਬ ਮੌਸਮ ਕਾਰਨ ਇਹਤਿਆਤ ਵਜੋਂ ਕੇਰਲ ਦੇ ਇੱਕ ਕਾਲਜ ਦੇ ਮੈਦਾਨ ’ਚ ਉਤਾਰਨਾ ਪਿਆ। ਰੱਖਿਆ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਚੇਤਕ ਹੈਲੀਕਾਪਟਰ ਗਸ਼ਤ ਤੋਂ ਮੁੜ ਰਿਹਾ ਸੀ ਕਿ ਮੌਸਮ ਖਰਾਬ ਹੋ ਗਿਆ।