ਪੰਜਾਬ ’ਚ ਨਿਵੇਸ਼ ਲਈ ਨਵੇਂ ਰਾਹ ਖੁੱਲ੍ਹੇ: ਭਗਵੰਤ ਮਾਨ
ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਦੌਰੇ ਦੇ ਆਖ਼ਰੀ ਦਿਨ ਬਿਜ਼ਨਸ ਰੋਡ ਸ਼ੋਅ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੱਖਣੀ ਕੋਰੀਆ ਦੇ ਦੌਰੇ ਦੇ ਆਖ਼ਰੀ ਦਿਨ ਬਿਜ਼ਨਸ ਰੋਡ ਸ਼ੋਅ ਕੀਤਾ, ਜਿਸ ਵਿੱਚ ਦੱਖਣੀ ਕੋਰੀਆਂ ਦੀਆਂ ਨਾਮੀ ਸਨਅਤੀ ਕੰਪਨੀਆਂ ਨੇ ਸ਼ਮੂਲੀਅਤ ਕੀਤੀ ਅਤੇ ਇਨ੍ਹਾਂ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ’ਚ ਰੁਚੀ ਦਿਖਾਈ। ਇਸ ਰੋਡ ਸ਼ੋਅ ਨੇ ਦੱਖਣੀ ਕੋਰੀਆ ਅਤੇ ਕੌਮਾਂਤਰੀ ਸੰਗਠਨਾਂ ਦੀ ਵਿਸ਼ਾਲ ਸ਼੍ਰੇਣੀ ਦੇ ਸੀਨੀਅਰ ਪ੍ਰਤੀਨਿਧੀਆਂ ਨੂੰ ਆਕਰਸ਼ਿਤ ਕੀਤਾ, ਜਿਨ੍ਹਾਂ ਵਿੱਚ ਬਲੂਮਬਰਗ, ਬ੍ਰਿਕਸ ਇੰਡੀਆ ਟਰੇਡ ਪ੍ਰਾਈਵੇਟ ਲਿਮਟਿਡ, ਪ੍ਰਮੁੱਖ ਕਾਨੂੰਨੀ ਫਰਮਾਂ ਕਿਮ ਐਂਡ ਚਾਂਗ ਅਤੇ ਸ਼ਿਨ ਐਂਡ ਕਿਮ ਐੱਲ ਐੱਲ ਸੀ, ਕੋਰੀਅਨ ਐਸੋਸੀਏਸ਼ਨ ਆਫ਼ ਸੀਨੀਅਰ ਸਾਇੰਟਿਸਟਸ ਐਂਡ ਇੰਜਨੀਅਰਜ਼, ਕੋਟਰਾ, ਡਾਇਯੰਗ ਕਾਰਪੋਰੇਸ਼ਨ, ਗਾਵੋਨ ਇੰਟਰਨੈਸ਼ਨਲ ਕੰਪਨੀ ਲਿਮਟਿਡ, ਟੈਗਹਾਈਵ, ਪੰਜਾਬੀ ਐਸੋਸੀਏਸ਼ਨ ਆਫ਼ ਕੋਰੀਆ ਅਤੇ ਇਨਮੈੱਕ ਗਲੋਬਲ ਸ਼ਾਮਲ ਹਨ।
ਮੁੱਖ ਮੰਤਰੀ ਕਿਹਾ ਕਿ ਪੰਜਾਬ ਨੇ ਹਮੇਸ਼ਾ ਭਾਰਤ ਦੇ ਵਿਕਾਸ ਖ਼ਾਸ ਤੌਰ ’ਤੇ ਖੁਰਾਕ ਉਤਪਾਦਨ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅੱਜ ਪੰਜਾਬ ਆਧੁਨਿਕ ਸਨਅਤੀ, ਤਕਨਾਲੋਜੀ ਅਤੇ ਆਲਮੀ ਸਹਿਯੋਗ ਦੇ ਕੇਂਦਰ ਬਣਨ ਵੱਲ ਵੱਧ ਰਿਹਾ ਹੈ। ਪੰਜਾਬ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਆਪਣੀ ਉਦਯੋਗਿਕ ਸਮਰੱਥਾ ਦਾ ਵਿਸਥਾਰ ਕੀਤਾ ਹੈ ਅਤੇ ਨਿਵੇਸ਼ ਲਈ ਨਵੇਂ ਰਸਤੇ ਖੋਲ੍ਹੇ ਹਨ। ਪੰਜਾਬ ਦਾ ਦ੍ਰਿਸ਼ਟੀਕੋਣ ਤਰਜੀਹੀ ਖ਼ੇਤਰਾਂ ਬਾਰੇ ਦੱਖਣੀ ਕੋਰੀਆ ਨਾਲ ਤਕਨਾਲੋਜੀ, ਨਵੀਨਤਾ ਅਤੇ ਲਾਹੇਵੰਦ ਰਿਸ਼ਤਿਆਂ ਤੋਂ ਪ੍ਰੇਰਿਤ ਹੈ। ਉਨ੍ਹਾਂ ਦੱਖਣੀ ਕੋਰੀਆ ਦੀਆਂ ਕੰਪਨੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਨਅਤੀ ਵਿਕਾਸ, ਲੰਮੇ ਸਮੇਂ ਦੇ ਰਿਸ਼ਤੇ ਅਤੇ ਭਾਈਵਾਲੀ ਨੂੰ ਹੁਲਾਰਾ ਮਿਲੇਗਾ। ਇਸ ਨਾਲ ਮੈਨੂਫੈਕਚਰਿੰਗ, ਤਕਨਾਲੋਜੀ, ਫੂਡ ਪ੍ਰਾਸੈਸਿੰਗ ਅਤੇ ਖੋਜ ਦੇ ਖੇਤਰ ਵਿੱਚ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੱਖਣੀ ਕੋਰੀਆ ਦੇ ਸਨਅਤਕਾਰਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ 13 ਤੋਂ 15 ਮਾਰਚ 2026 ਤੱਕ ਆਈ ਐੱਸ ਬੀ ਮੁਹਾਲੀ ਕੈਂਪਸ ’ਚ ਹੋਣ ਵਾਲੇ ਛੇਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਹ ਸੰਮੇਲਨ ਪੰਜਾਬ ਦੀ ਤਰੱਕੀ ਨੂੰ ਦਰਸਾਏਗਾ ਅਤੇ ਮੋਹਰੀ ਉਦਯੋਗਪਤੀਆਂ ਨੂੰ ਇਕੱਠੇ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦੱਖਣੀ ਕੋਰੀਆ ਦੀਆਂ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ।

